ਪ੍ਰੋ ਕਬੱਡੀ ਲੀਗ
-ਪੁਨੇਰੀ ਪਲਟਨ ਤੇ ਬੰਗਾਲ ਵਾਰੀਅਰਜ਼ ਨੂੰ ਮਿਲੀ ਹਾਰ
ਨਵੀਂ ਦਿੱਲੀ (ਏਜੰਸੀ) : ਪ੍ਰੋ ਕਬੱਡੀ ਲੀਗ ਦੇ ਤੀਜੇ ਐਡੀਸ਼ਨ ਦਾ ਫਾਈਨਲ ਪਟਨਾ ਪਾਈਰੇਟਸ ਅਤੇ ਯੂ ਮੁੰਬਾ ਵਿਚਾਲੇ ਖੇਡਿਆ ਜਾਵੇਗਾ। ਪ੍ਰਦੀਪ ਨਰਵਾਲ ਅਤੇ ਰੋਹਿਤ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪਟਨਾ ਪਾਈਰੇਟਸ ਨੇ ਸ਼ੁੱਕਰਵਾਰ ਇੱਥੇ ਪੁਨੇਰੀ ਪਲਟਨ ਨੂੰ 40-21 ਨਾਲ ਮਾਤ ਦਿੱਤੀ ਜਦਕਿ ਦੂਜੇ ਸੈਮੀਫਾਈਨਲ ਵਿਚ ਸਾਬਕਾ ਜੇਤੂ ਯੂ ਮੁੰਬਾ ਨੇ ਬੰਗਾਲ ਵਾਰੀਅਰਜ਼ ਨੂੰ 41-29 ਨਾਲ ਹਰਾ ਦਿੱਤਾ। ਪ੍ਰਦੀਪ ਅਤੇ ਰੋਹਿਤ ਮੈਚ ਵਿਚ ਸਟਾਰ ਰੇਡਰ ਰਹੇ ਪਰ ਪਟਨਾ ਪਾਈਰੇਟਸ ਦੀ ਜਿੱਤ 'ਚ ਉਸ ਦੇ ਮਜ਼ਬੂਤ ਡਿਫੈਂਸ ਦਾ ਵੀ ਯੋਗਦਾਨ ਰਿਹਾ। ਪੂਰੇ ਮੁਕਾਬਲੇ ਵਿਚ ਪੁਨੇਰੀ ਪਲਟਨ ਦੀ ਟੀਮ ਤਿੰਨ ਵਾਰ ਆਲ ਆਊਟ ਹੋਈ। ਪਹਿਲੀ ਦੋ ਵਾਰ ਤਾਂ ਉਹ ਮੈਚ ਦੇ 12 ਮਿੰਟ ਅੰਦਰ ਹੀ ਆਲ ਆਊਟ ਹੋ ਗਈ। ਪਾਈਰੇਟਸ ਦੀ ਹਮਲਾਵਰ ਖੇਡ ਕਾਰਨ ਅੱਧੇ ਸਮੇਂ ਤਕ ਪੁਨੇਰੀ ਪਲਟਨ 7-25 ਨਾਲ ਪੱਛੜਨ ਤੋਂ ਬਾਅਦ ਆਪਣਾ ਹੌਂਸਲਾ ਗੁਆ ਬੈਠੀ।
ਦੂਜੇ ਹਾਫ ਵਿਚ ਕੁਝ ਸਮੇਂ ਲਈ ਪੁਣੇ ਦੀ ਟੀਮ ਨੇ ਵਾਪਸੀ ਕੀਤੀ ਜਦ ਉਨ੍ਹਾਂ ਨੇ ਪਟਨਾ ਨੂੰ ਆਲ ਆਊਟ ਕਰ ਦਿੱਤਾ ਪਰ ਪਾਈਰੇਟਸ ਇਸ ਝਟਕੇ ਤੋਂ ਜਲਦੀ ਹੀ ਸੰਭਲ ਗਈ। ਪਟਨਾ ਦੇ ਪ੍ਰਦੀਪ ਨਰਵਾਲ ਨੇ ਦਸ ਅਤੇ ਰੋਹਿਤ ਕੁਮਾਰ ਸੱਤ ਅੰਕ ਬਣਾਏ। ਪੁਨੇਰੀ ਦਾ ਹਮਲਾ ਇੰਨਾ ਕਮਜ਼ੋਰ ਸੀ ਕਿ ਆਪਣੀ ਵਿਰੋਧੀ ਟੀਮ ਨੂੰ ਕਦੀ ਮੁਸ਼ਕਲ ਵਿਚ ਨਾ ਪਾ ਸਕੇ।