ਜਾਗਰਣ ਬਿਊਰੋ, ਨਵੀਂ ਦਿੱਲੀ : ਰੇਲ ਕਿਰਾਏ 'ਚ ਫਲੈਕਸੀ ਸਕੀਮ ਦੇ ਬਹਾਨੇ ਹੋਏ ਵਾਧੇ ਖ਼ਿਲਾਫ਼ ਕਾਂਗਰਸ ਨੇ ਆਵਾਜ਼ ਬੁਲੰਦ ਕੀਤੀ ਹੈ। ਪਾਰਟੀ ਨੇ ਰੇਲ ਕਿਰਾਏ 'ਚ ਇਸ ਵਾਧੇ ਨੂੰ ਲੋਕ ਵਿਰੋਧੀ ਦੱਸਦੇ ਹੋਏ ਇਸ ਨੂੰ ਤੱਤਕਾਲ ਵਾਪਸ ਲੈਣ ਦੀ ਮੰਗ ਕੀਤੀ ਹੈ। ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਪਾਰਟੀ ਨੇ ਇਹ ਦੋਸ਼ ਲਗਾਇਆ ਹੈ ਕਿ ਜਨਤਾ ਦੀ ਜੇਬ ਲੁੱਟ ਕੇ ਸਰਕਾਰ ਮੁਨਾਫ਼ਾ ਕਮਾਉਣਾ ਚਾਹੁੰਦੀ ਹੈ। ਤਾਂ ਰੇਲਵੇ ਪ੍ਰਧਾਨ ਮੰਤਰੀ ਦੇ ਬੁਲੇਟ ਟਰੇਨ ਦੀ ਇੱਛਾ ਲਈ ਲੋਕਾਂ 'ਤੇ ਕਿਰਾਏ ਦਾ ਭਾਰ ਲੱਦ ਰਿਹਾ ਹੈ।
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਕਿਸਾਨ ਯਾਤਰਾ ਦੌਰਾਨ ਰੇਲ ਕਿਰਾਏ 'ਚ ਇਜਾਫੇ ਨੂੰ ਲੈ ਕੇ ਸਰਕਾਰ 'ਤੇ ਦਾਗ਼ੇ ਗਏ ਤੀਰ ਦੇ ਤੱਤਕਾਲੀ ਬਾਅਦ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲ ਨੇ ਵੀ ਕੇਂਦਰ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਪਹਿਲਾਂ ਤੋਂ ਅਸਮਾਨ ਛੋਹਦੀਆਂ ਕੀਮਤਾਂ ਵਿਚਾਲੇ ਸਰਕਾਰ ਨੇ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ 'ਚ ਫਲੈਕਸੀ ਕਿਰਾਇਆ ਸਕੀਮ ਲਾਗੂ ਕਰਕੇ ਆਮ ਲੋਕਾਂ 'ਤੇ ਮਹਿੰਗਾਈ ਦਾ ਹੋਰ ਬੋਝ ਲੱਦ ਦਿੱਤਾ ਹੈ। ਦੁਸਹਿਰਾ, ਦੀਵਾਲੀ, ਛਟ, ਬਕਰੀਦ ਅਤੇ ਓਣਮ ਵਰਗੇ ਤਿਉਹਾਰਾਂ ਤੋਂ ਠੀਕ ਪਹਿਲਾਂ ਕਿਰਾਏ 'ਚ ਡੇਢ ਗੁਣਾ ਤਕ ਦਾ ਇਜ਼ਾਫਾ ਸਰਕਾਰ ਦਾ ਤੁਗਲਕੀ ਫਰਮਾਨ ਹੈ ਅਤੇ ਆਮ ਲੋਕਾਂ ਇਸ ਤੋਂ ਹੈਰਾਨ ਹਨ। ਸੁਰਜੇਵਾਲ ਨੇ ਕਿਹਾ ਫਲੈਕਸੀ ਕਿਰਾਏ ਦੀ ਇਸ ਸਕੀਮ ਰਾਹੀਂ ਸਰਕਾਰ ਦੇਸ਼ ਦੀ ਈਮਾਨਦਾਰ ਮੱਧਮ ਵਰਗ ਤੋਂ ਸਾਲ 'ਚ 1000 ਕਰੋੜ ਰੁਪਏ ਦੀ ਵਾਧੂ ਉਗਰਾਹੀ ਕਰੇਗੀ।
ਕਾਂਗਰਸ ਨੇ ਕਿਹਾ ਕਿ ਐੱਨਡੀਏ ਦੇ ਸੱਤਾ 'ਚ ਆਉਣ ਤੋਂ ਬਾਅਦ ਪਿਛਲੇ ਦੋ ਸਾਲਾਂ 'ਚ ਰੇਲ ਕਿਰਾਏ 'ਚ ਵਾਰ-ਵਾਰ ਵਾਧੇ ਨਾਲ ਆਮ ਆਦਮੀ ਦੀਆਂ ਮੁਸ਼ਕਲਾਂ ਵਧੀਆਂ ਹਨ। ਜੂਨ 2014 'ਚ ਯਾਤਰੀ ਕਿਰਾਏ 'ਚ 14.20 ਫ਼ੀਸਦੀ ਅਤੇ ਮਾਲ ਭਾੜੇ 'ਚ 7 ਫ਼ੀਸਦੀ ਵਾਧਾ ਕੀਤਾ ਗਿਆ। ਨਵੰਬਰ 2015 'ਚ ਮਾਲ ਭਾੜੇ 'ਚ ਮੁੜ ਤੋਂ 4.35 ਫ਼ੀਸਦੀ ਦੀ ਵਾਧੇ ਦਾ ਵਾਧਾ ਕੀਤਾ ਗਿਆ ਜਿਸ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵੀ ਹੋਰ ਇਜਾਫਾ ਹੋਇਆ। ਇਸ ਸਮੇਂ ਟਿਕਟ ਰੱਦ ਕਰਵਾਉਣ ਦਾ ਚਾਰਜ ਦੁੱਗਣਾ ਵਧਾ ਦਿੱਤਾ ਗਿਆ। ਸੁਰਜੇਵਾਲਾ ਨੇ ਕਿਹਾ ਕਿ ਦਰਅਸਲ ਰੇਲਵੇ ਪ੍ਰਧਾਨ ਮੰਤਰੀ ਦੇ ਬੁਲੇਟ ਟਰੇਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਮ ਆਦਮੀ ਦੀ ਜੇਬ ਲੁੱਟ ਰਹੀ ਹੈ। ਰੇਲਵੇ ਟਰੈਕ ਦੀ ਸਮਰੱਥਾ ਵਧਾਉਣ ਅਤੇ ਹੋਰ ਸੇਵਾਵਾਂ ਬਿਹਤਰ ਕਰਨ ਦੀ ਬਜਾਏ ਸਰਕਾਰ ਅਹਿਮਦਾਬਾਦ ਅਤੇ ਮੁੰਬਈ ਵਿਚਾਲੇ ਬੁਲੇਟ ਟਰੇਨ ਦੇ ਪ੍ਰਾਜੈਕਟਾਂ 'ਤੇ ਇਹ ਰਕਮ ਲਗਾਉਣ 'ਚ ਰੁੱਝੀ ਹੈ। ਉਨ੍ਹਾਂ ਨੇ ਇਹ ਦੋਸ਼ ਲਗਾਇਆ ਹੈ ਕਿ ਰੇਲਵੇ ਨੂੰ ਕਾਰਪੋਰੇਟ ਬਣਾਉਣ ਦੇ ਬਹਾਨੇ ਸਰਕਾਰ ਇਸ ਦੇ ਨਿੱਜੀਕਰਨ ਦਾ ਰਸਤਾ ਤਿਆਰ ਕਰ ਰਹੀ ਹੈ।