ਜੇਐਨਐਨ, ਜਲੰਧਰ : ਬਿਨ੍ਹਾ ਛੱਤ, ਕੁਰਸੀ ਤੇ ਪੱਖੇ ਦੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਵਾਲੇ ਸਿਟੀ ਰੇਲਵੇ ਸਟੇਸ਼ਨ 'ਤੇ ਆਧੁਨਿਕ ਫੂਡ ਪਲਾਜ਼ਾ ਅਤੇ ਐਕਸਲੇਟਰ ਲਗਵਾਉਣ ਦੀ ਤਿਆਰੀ ਬੇਮਤਲਬ ਨਜ਼ਰ ਆਉਣ ਲੱਗੀ ਹੈ। ਸ਼ਤਾਬਦੀ ਐਕਸਪ੍ਰੈਸ ਦੇ ਯਾਤਰੀ ਧੁੱਪ ਅਤੇ ਬਾਰਿਸ਼ 'ਚ ਬਿਨ੍ਹਾ ਛੱਤ ਵਾਲੇ ਪਲੇਟਫਾਰਮ 'ਤੇ ਉਤਰ ਰਹੇ ਹਨ ਤਾਂ ਪਲੇਟਫਾਰਮ ਨੰਬਰ ਤਿੰਨ 'ਤੇ ਟ੫ੇਨ ਦਾ ਇੰਤਜ਼ਾਰ ਕਰਨ ਵਾਲੇ ਯਾਤਰੀ ਕੁਰਸੀਆਂ ਦੀ ਕਮੀ ਕਾਰਨ ਜ਼ਮੀਨ 'ਤੇ ਬੈਠਣ ਲਈ ਮਜਬੂਰ ਹਨ। ਇਸ ਪਲੇਟਫਾਰਮ 'ਤੇ ਗਰਮੀ 'ਚ ਟ੍ਰੇਨ ਦਾ ਇੰਤਜ਼ਾਰ ਕਰਨਾ ਵੀ ਸਜ਼ਾ ਤੋਂ ਘੱਟ ਨਹੀਂ ਹੈ, ਕਿਉਂਕਿ ਕੁਰਸੀ ਦੇ ਇਲਾਵਾ ਪੱਖੇ ਦੀ ਹਵਾ ਵੀ ਇੱਥੇ ਸੰਭਵ ਨਹੀਂ ਹੈ। ਪਲੇਟਫਾਰਮ ਨੰਬਰ ਤਿੰਨ ਦਾ ਇਕ ਹਿੱਸਾ ਬਿਨਾ ਪੱਖੇ ਦੇ ਹੀ ਹੈ।
ਪਲੇਟਫਾਰਮ ਨੰਬਰ ਇਕ, ਜਿੱਥੇ ਦੁਪਹਿਰ ਦੇ ਸਮੇਂ ਦਿੱਲੀ ਤੋਂ ਸਵਰਣ ਸ਼ਤਾਬਦੀ ਪਹੁੰਚਦੀ ਹੈ, ਦੇ ਇਕ ਵੱਡੇ ਹਿੱਸੇ 'ਚ ਪਲੇਟਫਾਰਮ 'ਤੇ ਛੱਤ ਨਹੀਂ ਹੈ। ਏਸੀ 'ਚ ਲਗਾਤਾਰ ਪੰਜ ਘੰਟੇ ਤਕ ਬੈਠਣ ਕਰਕੇ ਆਉਣ ਵਾਲੇ ਯਾਤਰੀ ਤੇਜ਼ ਧੁੱਪ 'ਚ ਉਤਰਦੇ ਹਨ ਤਾਂ ਕਈ ਵਾਰੀ ਤਾਂ ਬਿਮਾਰ ਹੋਣ ਕੰਢੇ ਪਹੁੰਚ ਜਾਂਦੇ ਹਨ। ਬਾਰਿਸ਼ ਹੋ ਰਹੀ ਹੋਵੇ ਤਾਂ ਲੰਬਾ ਰਸਤਾ ਸਾਮਾਨ ਸਮੇਤ ਭਿੱਜਦੇ ਹੋਏ ਤੈਅ ਕਰਦੇ ਹਨ। ਅੌਰਤਾਂ, ਬੱਚਿਆਂ ਅਤੇ ਬਜ਼ੁਰਗ ਯਾਤਰੀਆਂ ਲਈ ਤਾਂ ਇਹ ਪਰੇਸ਼ਾਨੀ ਦਾ ਇਕ ਵੱਡਾ ਕਾਰਨ ਬਣ ਚੁੱਕਾ ਹੈ। ਅਧਿਕਾਰੀ ਵੀ ਪਲੇਟਫਾਰਮ 'ਤੇ ਛੱਤ ਪਾਉਣ, ਨਵੀਂਆਂ ਕੁਰਸੀਆਂ ਅਤੇ ਪੱਖੇ ਲਗਵਾਉਣ ਲਈ ਕੋਈ ਗੱਲ ਤਕ ਵੀ ਨਹੀਂ ਕਰਦੇ।
ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਤੋਂ ਲੈ ਕੇ ਡੀਆਰਐਮ ਅਤੇ ਸੰਸਦ ਮੈਂਬਰ ਤਕ ਸਿਟੀ ਰੇਲਵੇ ਸਟੇਸ਼ਨ ਨੂੰ ਮਾਡਰਨ ਬਣਾਉਣ ਦੇ ਦਾਅਵੇ ਕਰ ਰਹੇ ਹਨ ਪਰ ਪਿਛਲੇ ਇਕ ਸਾਲ 'ਚ ਸਿਵਾਏ ਨਿਰਮਾਣ ਢਾਹੁਣ ਦੇ ਹਾਲੇ ਤਕ ਕੁਝ ਖਾਸ ਨਹੀਂ ਹੋਇਆ।