ਨਵੀਂ ਦਿੱਲੀ (ਏਜੰਸੀ) : ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਆਯੋਨਿਕਾ ਪਾਲ ਨੇ ਸੋਮਵਾਰ ਨੂੰ ਅੱਠਵੀਂ ਏਸ਼ੀਅਨ ਏਅਰ ਗੰਨ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਦੋ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਪੂਜਾ ਘਾਟਕਰ ਅਤੇ ਅਪੂਰਵੀ ਚੰਦੇਲਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪੂਜਾ ਜਿੱਥੇ ਪੰਜਵੇਂ ਸਥਾਨ 'ਤੇ ਰਹੀ ਉਥੇ ਅਪੂਰਵੀ ਨੂੰ ਅੱਠਵੇਂ ਸਥਾਨ ਨਾਲ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਭਾਰਤ ਨੇ ਇਕ ਗੋਲਡ ਅਤੇ ਦੋ ਕਾਂਸੇ ਦੇ ਮੈਡਲ ਹੋਰ ਜਿੱਤੇ। ਆਸ਼ੀ ਰਸਤੋਗੀ ਅਤੇ ਪ੍ਰਾਚੀ ਗਡਕਰੀ ਨੇ ਲੜਕੀਆਂ ਦੀ 10 ਮੀਟਰ ਏਅਰ ਰਾਈਫਲ ਵਿਚ ਯੁਵਾ ਵਰਗ ਵਿਚ ਜਦਕਿ ਸ਼੍ਰੀਯਾਂਕਾ ਸਦਾਂਗੀ ਨੇ ਜੂਨੀਅਰ ਵਰਗ ਵਿਚ ਮੈਡਲ ਜਿੱਤੇ। ਰਸਤੋਗੀ ਨੇ ਗੋਲਡ ਮੈਡਲ ਜਿੱਤਿਆ ਜਦਕਿ ਪ੍ਰਾਚੀ ਅਤੇ ਸਦਾਂਗੀ ਤੀਸਰੇ ਸਥਾਨ 'ਤੇ ਰਹੀਆਂ।
↧