ਜਸਬੀਰ ਸਿੰਘ, ਲੁਧਿਆਣਾ: ਰੱਖ ਬਾਗ ਦੀ ਸੇਵਾ ਸੰਭਾਲ ਲਈ ਹੀਰੋ ਸਾਈਕਲ ਵਾਲਿਆਂ ਨੇ ਆਪਣੇ ਜ਼ਿੰਮੇ ਲਈ ਹੋਈ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਪਰ ਇਸ ਪਾਰਕ ਵਿਚ ਅਜੇ ਵੀ ਬਹੁਤ ਕਮੀਆਂ ਹਨ ਜਿਨ੍ਹਾਂ ਤੋਂ ਰੋਜ਼ ਸਵੇਰੇ ਸੈਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਤਾਂ ਇਸ ਦੇ ਬਾਥਰੂਮਾਂ ਬਾਹਰ ਸੀਵਰੇਜ ਓਵਰਫਲੋ ਹੋਣ ਕਾਰਨ ਸੜਕ 'ਤੇ ਪਾਣੀ ਜਮ੍ਹਾ ਹੋਇਆ ਪਿਆ ਹੈ। ਜਿਸ ਤੋਂ ਬਹੁਤ ਗੰਦੀ ਬਦਬੂ ਆਉਂਦੀ ਹੈ। ਇਸ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਇਸ ਗੰਦੇ ਪਾਣੀ ਉਤੇ ਮੱਛਰਾਂ ਦੀ ਭਰਮਾਰ ਹੈ। ਇਨ੍ਹਾਂ ਮੱਛਰਾਂ ਤੋਂ ਕਿਸੇ ਸਮੇਂ ਵੀ ਮਲੇਰੀਆ ਆਦਿ ਦੀ ਬਿਮਾਰੀ ਫੈਲ ਸਕਦੀ ਹੈ। ਇਸ ਦੇ ਨਾਲ ਹੀ ਪਾਰਕ ਵਿਚ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਹਨ ਜਿਸ ਤੋਂ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਇਕ ਇਸੇ ਪਾਰਕ ਵਿੱਚ ਹੀ 3 ਭਾਰਤੀ ਸੈਨਾਵਾਂ ਦੀ ਯਾਦਗਾਰ ਬਣੀ ਹੋਈ ਹੈ, ਜੋ ਇਕ ਦੇਸ਼ ਦੇ ਮਾਣ-ਸਨਮਾਨ ਵਾਲਾ ਸਮਾਰਕ ਹੈ। ਪਰ ਵਹਿਮਾਂ-ਭਰਮਾਂ ਵਿੱਚ ਪਏ ਲੋਕ ਉੱਥੇ ਕਬੂਤਰ ਆਦਿ ਨੂੰ ਦਾਣਾ ਪਾਉਂਦੇ ਹਨ। ਮੀਂਹ ਪੈਣ ਤੋਂ ਬਾਅਦ ਖਿੱਲਰਿਆ ਦਾਣਾ ਗਿੱਲਾ ਹੋਣ ਕਾਰਨ ਬਦਬੂ ਮਾਰਦਾ ਹੈ ਜਿਸ ਨੂੰ ਖਾ ਕੇ ਜਾਨਵਰ ਵੀ ਬਿਮਾਰ ਹੋ ਜਾਂਦੇ ਹਨ। ਜਾਨਵਰਾਂ ਨੂੰ ਦਾਣਾ ਪਾਉਣਾ ਇਕ ਬਹੁਤ ਵਧੀਆ ਗੱਲ ਹੈ। ਪਰ ਦੇਸ਼ ਦੇ ਮਾਨ ਸਨਮਾਨ ਨੂੰ ਧਿਆਨ ਵਿੱਚ ਰੱਖਣਾ ਵੀ ਬਹੁਤ ਜ਼ਰੂਰੀ ਹੈ।
↧