ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਆਪਣੀ ਹੀ ਪਤਨੀ ਦਾ ਕਤਲ ਕਰਨ ਵਾਲੇ ਇਕ ਪੰਜਾਬੀ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਪਤਨੀ ਦੇ ਦੋਸਤ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ ਵੀ ਉਸਨੂੰ ਕੈਦ ਹੋਈ ਹੈ।
ਮੰਗਲਵਾਰ ਨੂੰ ਆਕਲੈਂਡ ਹਾਈਕੋਰਟ ਨੇ ਇਸ ਕੇਸ ਪ੍ਰਤੀ ਆਪਣਾ ਫੈਸਲਾ ਸੁਣਾਇਆ। ਮਾਣਯੋਗ ਜੱਜ ਨੇ ਸਾਰਾ ਕਿੱਸਾ ਸੁਣਦਿਆਂ 29 ਸਾਲਾ ਮੰਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 13 ਸਾਲ ਤੋਂ ਪਹਿਲਾਂ ਪੈਰੋਲ ਉਤੇ ਵੀ ਬਾਹਰ ਭੇਜਣ ਦੀ ਮਨਾਹੀ ਕੀਤੀ। ਇਸ ਸਜ਼ਾ ਦੇ ਨਾਲ-ਨਾਲ ਹੀ ਪਤਨੀ ਦੇ ਦੋਸਤ ਪਰਮਿੰਦਰ ਸਿੰਘ ਸੰਧੂ 'ਤੇ ਜਾਨਲੇਵਾ ਹਮਲਾ ਕਰਨ 'ਤੇ ਇਰਾਦਾ ਕਤਲ ਦੇ ਦੋਸ਼ ਹੇਠ ਮੰਦੀਪ ਨੂੰ ਸਾਢੇ ਅੱਠ ਸਾਲ ਦੀ ਸਜ਼ਾ ਵੀ ਭੁਗਤਣੀ ਪਵੇਗੀ। ਜਦੋਂ 13 ਸਾਲ ਬਾਅਦ ਉਸਦੀ ਪੈਰੋਲ ਵਾਲੀ ਸ਼ਰਤ ਖਤਮ ਹੋ ਜਾਵੇਗੀ ਤਾਂ ਸੰਭਵ ਤੌਰ 'ਤੇ ਉਸਨੂੰ ਭਾਰਤ ਭੇਜ ਦਿੱਤਾ ਜਾਵੇਗਾ। ਅਦਾਲਤੀ ਕਾਰਵਾਈ ਸਮੇਂ ਮੰਦੀਪ ਸਿੰਘ ਭੁੱਬਾਂ ਮਾਰ ਕੇ ਰੋ ਰਿਹਾ ਸੀ। ਕਤਲ ਕੀਤੀ ਗਈ ਪਰਮਿਤਾ ਰਾਣੀ ਦੇ ਚਚੇਰੇ ਦੋ ਭਰਾ ਅਤੇ ਭੈਣ ਇੰਡੀਆ ਤੋਂ ਅਦਾਲਤ ਦੀ ਕਾਰਵਾਈ ਸੁਣਨ ਆਏ ਹੋਏ ਸਨ।
--------
ਇਹ ਸੀ ਮਾਮਲਾ
ਬੀਤੀ 22 ਮਈ ਨੂੰ ਦੁਪਹਿਰ ਤਕਰੀਬਨ 12.20 ਵਜੇ ਆਕਲੈਂਡ ਸ਼ਹਿਰ ਦੇ ਕੁਈਨਜ਼ ਰੋਡ 'ਤੇ ਇਕ ਕੌਮਾਂਤਰੀ ਸਿੱਖਿਆ ਸੰਸਥਾਨ 'ਏ. ਡਬਲਿਊ. ਆਈ. ਐਜੂਕੇਸ਼ਨ ਗਰੁੱਪ' ਵਿਚ 29 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਨੇ ਆਪਣੀ ਹੀ 23-24 ਸਾਲਾ ਪਤਨੀ ਪਰਮਿਤਾ ਰਾਣੀ (ਜ਼ਿਲ੍ਹਾ ਮੋਗਾ) ਜੋ ਕਿ ਇਸੇ ਕਾਲਜ ਵਿਚ ਆਈਟੀ ਲੈਵਲ-7 ਦੀ ਪੜ੍ਹਾਈ ਕਰ ਰਹੀ ਸੀ, ਉਸਨੂੰ ਕਾਲਜ ਦੀ ਰਿਸੈਪਸ਼ਨ ਲਾਗੇ ਹੀ ਸ਼ਰੇਆਮ ਕਤਲ ਕਰ ਦਿੱਤਾ ਸੀ ਤੇ ਉਸਦੇ ਦੋਸਤ ਪਰਮਿੰਦਰ ਸਿੰਘ ਸੰਧੂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸ਼ੁਰੂਆਤੀ ਪੜਤਾਲ ਵਿਚ ਮੰਦੀਪ ਨੇ ਆਪਣਾ ਦੋਸ਼ ਨਹੀਂ ਸੀ ਕਬੂਲ ਕੀਤਾ ਪਰ ਬਾਅਦ ਵਿਚ ਕਬੂਲ ਕਰ ਲਿਆ ਸੀ।
----------
ਪਤਨੀ ਛੱਡਣਾ ਚਾਹੁੰਦੀ ਸੀ
ਸਜ਼ਾ ਪ੍ਰਾਪਤ ਨੌਜਵਾਨ ਨੇ ਆਪਣੇ ਵਕੀਲ ਰਾਹੀਂ ਇਹ ਦੱਸਿਆ ਕਿ ਉਸਦੀ ਪਤਨੀ ਉਸਨੂੰ ਛੱਡਣਾ ਚਾਹੁੰਦੀ ਸੀ ਅਤੇ ਆਪਣੇ ਇਕ ਦੋਸਤ ਨਾਲ ਰਹਿਣਾ ਚਾਹੁੰਦੀ ਸੀ, ਜੋ ਕਿ ਉਸਨੂੰ ਬਰਦਾਸ਼ਤ ਨਹੀਂ ਹੋਇਆ। ਉਸਨੇ ਇਕ ਸਕੀਮ ਤਹਿਤ ਆਪਣੀ ਪਤਨੀ ਦੇ ਦੋਸਤ ਨੂੰ ਫੋਨ ਕਰਕੇ ਅਜਿਹੀ ਪੁੱਛ-ਪੜਤਾਲ ਵੀ ਕੀਤੀ ਸੀ। ਜਿਸ ਦਿਨ ਉਸਨੇ ਘਟਨਾ ਨੂੰ ਅੰਜਾਮ ਦਿੱਤਾ ਉਸ ਦਿਨ ਉਸਨੇ ਇਕ ਸਸਤੀ ਦੁਕਾਨ ਤੋਂ ਪੰਜ ਚਾਕੂ ਖਰੀਦੇ ਅਤੇ ਬੀਅਰ ਆਦਿ ਪੀ ਕੇ ਕਾਲਜ ਚਲਾ ਗਿਆ। ਉਸਦੀ ਪਤਨੀ ਉਸ ਵੇਲੇ ਪੇਪਰ ਦੇ ਰਹੀ ਸੀ ਅਤੇ ਉਸਨੇ ਉਸਦੇ ਆਉਣ ਦੀ ਉਡੀਕ ਕੀਤੀ। ਜਦੋਂ ਉਹ ਪੇਪਰ ਦੇ ਕੇ ਬਾਹਰ ਆਈ ਤਾਂ ਇਸ ਨੇ ਉਸਨੂੰ ਗੱਲਬਾਤ ਕਰਦਿਆਂ ਚਾਕੂਆਂ ਨਾਲ ਵਿੰਨ੍ਹ ਦਿੱਤਾ। ਪਰਮਿਤਾ ਰਾਣੀ ਦੇ ਬਚਾਅ ਵਿਚ ਆਏ ਉਸਦੇ ਦੋਸਤ ਪਰਮਿੰਦਰ ਸਿੰਘ ਉਤੇ ਵੀ ਮੰਦੀਪ ਸਿੰਘ ਨੇ ਵਾਰ ਕੀਤੇ ਅਤੇ ਉਸਨੂੰ ਜ਼ਖਮੀ ਕਰ ਦਿੱਤਾ। ਮੰਦੀਪ ਸਿੰਘ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਇਥੇ ਆਇਆ ਸੀ ਜਦਕਿ ਉਸਦੀ ਪਤਨੀ ਡੇਢ ਸਾਲ ਤੋਂ ਇੱਥੇ ਪੜ੍ਹਾਈ ਕਰ ਰਹੀ ਸੀ।