ਜਾਗਰਣ ਬਿਉਰੋ, ਨਵੀਂ ਦਿੱਲੀ : ਚੇਨਈ 'ਤੇ ਭਾਰੀ ਬਾਰਿਸ਼ ਦੇ ਕਹਿਰ ਵਿਚਕਾਰ ਸੰਸਦ ਤੋਂ ਲੈ ਕੇ ਕੇਂਦਰ ਸਰਕਾਰ ਤਕ ਤਾਮਿਲਨਾਡੂ ਸਰਕਾਰ ਨਾਲ ਖੜ੍ਹੀ ਨਜ਼ਰ ਆਈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਇਸ ਨਾਲ ਨਜਿੱਠਣ ਲਈ ਤਾਮਿਲਨਾਡੂ ਸਰਕਾਰ ਨੂੰ ਤਤਕਾਲ 1000 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਸੰਸਦ ਦੇ ਦੋਹਾਂ ਸਦਨਾਂ ਵਿਚ ਚੇਨਈ ਤੇ ਚਰਚਾ ਤੋਂ ਬਾਅਦ ਗ੍ਰਹਿਮੰਤਰੀ ਰਾਜਨਾਥ ਸਿੰਘ ਨੇ ਲੋਕਸਭਾ ਵਿਚ ਹਾਲਾਤ ਦੀ ਜਾਣਕਾਰੀ ਦਿੱਤੀ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਬਿਓਰਾ ਵੀ ਦਿੱਤਾ।
100 ਸਾਲਾਂ ਬਾਅਦ ਭਿਅੰਕਰ ਹੜ੍ਹ ਨਾਲ ਜੂਝ ਰਹੇ ਚੇਨਈ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਪ੍ਰਧਾਨਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਪੂਰਾ ਦੇਸ਼ ਤਾਮਿਲਨਾਡੂ ਨਾਲ ਖੜ੍ਹਾ ਹੈ। ਉਨ੍ਹਾਂ ਤਤਕਾਲ 1000 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦਾ ਐਲਾਨ ਕੀਤਾ ਜੋ ਕਿ ਪਿਛਲੇ ਹਫਤੇ ਦਿੱਤੀ ਗਈ 400 ਕਰੋੜ ਦੀ ਸਹਾਇਤਾ ਤੋਂ ਵੱਖ ਹੋਵੇਗੀ। ਨਾਲ ਹੀ ਉਨ੍ਹਾਂ ਨੇ ਮੁੱਖਮੰਤਰੀ ਜੈਲਲਿਤਾ ਦੇ ਨਾਲ ਤਾਜਾ ਹਾਲਾਤ ਅਤੇ ਉਸ ਨਾਲ ਨਜਿੱਠਣ ਲਈ ਉਠਾਏ ਗਏ ਕਦਮਾਂ ਬਾਰੇ ਚਰਚਾ ਵੀ ਕੀਤੀ।
ਦੋਹਾਂ ਸਦਨਾਂ ਵਿਚ ਚਰਚਾ ਤੋਂ ਬਾਅਦ ਰਾਜਨਾਥ ਸਿੰਘ ਨੇ ਲੋਕਸਭਾ ਨੂੰ ਦੱਸ਼ਿਆ ਕਿ ਹੜ੍ਹ ਨਾਲ ਹੁਣ ਤੱਕ 269 ਲੋਕ ਮਾਰੇ ਗਏ ਹਨ। ਐਨਡੀਆਰਐਫ ਤੋਂ ਲੈ ਕੇ ਫੌਜ, ਏਅਰ ਫੋਰਸ, ਜਲ ਸੈਨਾ ਅਤੇ ਕੋਸਟ ਗਾਰਡ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਰੇਲ ਅਤੇ ਹਵਾਈ ਸੇਵਾ ਠੱਪ ਪਈਆਂ ਹਨ। ਚੇਨਈ ਹਵਾਈ ਅੱਡੇ ਤੇ ਫਸੇ 1500 ਲੋਕਾਂ 'ਚੋਂ 1200 ਨੂੰ ਸੁਰੱਖਿਅਤ ਥਾਵਾਂ ਤੇ ਪੁਚਾ ਦਿੱਤਾ ਗਿਆ ਹੈ। ਗ੍ਰਹਿਮੰਤਰੀ ਨੇ ਦੱਸਿਆ ਕਿ ਪਿਛਲੇ ਹਫਤੇ ਜਾਰੀ 940 ਕਰੋੜ ਰਪਏ ਦੀ ਕੇਂਦਰੀ ਸਹਾਇਤਾ ਤੋਂ ਇਲਾਵਾ ਰਾਜ ਆਫਤ ਫੰਡ ਦੇ ਤਹਿਤ 23 ਨਵੰਬਰ ਨੂੰ 133 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਤਾਮਿਲਨਾਡੂ ਸਰਕਾਰ ਨੇ 24 ਨਵੰਬਰ ਨੂੰ 8481 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਸੀ। ਇਸਤੋਂ ਬਾਅਦ 23 ਤੋਂ 20 ਨਵੰਬਰ ਤਕ ਕੇਂਦਰੀ ਮੰਤਰੀਮੰਡਲ ਦਲ ਨੇ ਰਾਜ ਦਾ ਦੌਰਾ ਕੀਤਾ ਸੀ। ਉਸਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਕੇਂਦਰੀ ਸਹਾਇਤਾ ਤੇ ਫੈਸਲਾ ਕੀਤਾ ਜਾਏਗਾ। ਇਸ ਦੌਰਾ ਸ਼ਾਮ ਨੂੰ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਰਾਸ਼ਟਰੀ ਸੰਕਟ ਪ੍ਰਬੰਧ ਕਮੇਟੀ ਦੀ ਮੀਟਿੰਗ ਵਿਚ ਜਮੀਨੀ ਪੱਧਰ ਤੇ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ ਗਈ।