ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਦੇ ਵਿਧਾਇਕਾਂ ਨੂੰ ਹੁਣ ਦੇਸ਼ ਦੇ ਕਿਸੇ ਵੀ ਵਿਧਾਇਕ ਨਾਲੋਂ ਵੱਧ ਤਨਖਾਹ ਮਿਲੇਗੀ। ਵੀਰਵਾਰ ਨੂੰ ਵਿਧਾਨ ਸਭਾ 'ਚ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਵਿਧਾਇਕਾਂ ਦੀ ਕੁਲ ਤਨਖਾਹ 88 ਹਜ਼ਾਰ ਰੁਪਏ ਤੋਂ ਵਧਾ ਕੇ 2.35 ਲੱਖ ਰੁਪਏ ਕਰ ਦਿੱਤੀ ਗਈ ਹੈ, ਜੋ ਕਿਸੇ ਵੀ ਸੂਬੇ ਦੇ ਵਿਧਾਇਕ ਨੂੰ ਮਿਲਣ ਵਾਲੀ ਤਨਖਾਹ ਤੋਂ ਵੱਧ ਹੈ। ਦੱਸਿਆ ਜਾਂਦਾ ਹੈ ਕਿ ਹਾਲੇ ਤਕ ਕੇਵਲ ਝਾਰਖੰਡ 'ਚ ਵਿਧਾਇਕਾਂ ਦੀ ਤਨਖਾਹ ਸਭ ਤੋਂ ਵੱਧ 2.10 ਲੱਖ ਰੁਪਏ ਹੈ। ਜਾਣਕਾਰਾਂ ਦਾ ਤਾਂ ਇੱਥੋਂ ਤਕ ਕਹਿਣਾ ਹੈ ਕਿ ਹੁਣ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਦੇਸ਼ ਦੇ ਪ੫ਧਾਨ ਮੰਤਰੀ ਦੀ ਤਨਖਾਹ ਤੋਂ ਵੀ ਜ਼ਿਆਦਾ ਹੋ ਗਈ ਹੈ।
ਦਿੱਲੀ ਸਰਕਾਰ ਨੇ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਬਿੱਲ ਵੀਰਵਾਰ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਅਤੇ ਚਰਚਾ ਤੋਂ ਬਾਅਦ ਇਸ ਨੂੰ ਪਾਸ ਕਰ ਦਿੱਤਾ। ਇਸ ਵਿਚ ਵਿਧਾਇਕਾਂ ਦੀ ਬੇਸਿਕ ਸੈਲਰੀ 'ਚ ਚਾਰ ਗੁਣਾ ਵਾਧਾ ਕੀਤਾ ਗਿਆ ਹੈ। ਹੁਣ ਵਿਧਾਇਕਾਂ ਦੀ ਬੇਸਿਕ ਤਨਖਾਹ 12 ਹਜ਼ਾਰ ਰੁਪਏ ਤੋਂ ਵਧ ਕੇ 50 ਹਜ਼ਾਰ ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ ਭੱਤਿਆਂ ਅਤੇ ਦਫਤਰੀ ਖਰਚ ਨੂੰੂ ਮਿਲਾ ਕੇ ਕੁਲ ਤਨਖਾਹ 88 ਹਜ਼ਾਰ ਤੋਂ ਵਧ ਕੇ 2.35 ਲੱਖ ਰੁਪਏ ਹੋ ਗਈ ਹੈ।
ਇਸ ਖਰੜੇ ਨੂੰ ਪੇਸ਼ ਕਰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੋਕ ਸਭਾ ਦੇ ਸਾਬਕਾ ਸਕੱਤਰ ਪੀਡੀਟੀ ਆਚਾਰਿਆ ਦੀ ਪ੫ਧਾਨਗੀ 'ਚ 21 ਅਗਸਤ ਨੂੰ ਬਣੀ ਕਮੇਟੀ ਨੇ 6 ਅਕਤੂਬਰ ਨੂੰ ਵਿਧਾਇਕਾਂ ਦੀ ਮੌਜੂਦਾ ਤਨਖਾਹ 'ਚ ਢਾਈ ਗੁਣਾ ਵਾਧਾ ਕਰਨ ਦੀ ਸਿਫਾਰਸ਼ ਕੀਤੀ ਸੀ। ਮਾਹਿਰਾਂ ਦੀ ਇਸ ਸਿਫਾਰਸ਼ ਨੂੰ ਪਿਛਲੇ ਹਫ਼ਤੇ ਕੈਬਨਿਟ ਤੋਂ ਮਨਜ਼ੂਰੀ ਮਿਲਣ ਮਗਰੋਂ ਸਦਨ 'ਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ।
----
ਹਰ ਵਰ੍ਹੇ ਹੋਵੇਗਾ 10 ਫ਼ੀਸਦੀ ਵਾਧਾ
ਵਿਧਾਇਕਾਂ ਦੀ ਤਨਖਾਹ 'ਚ ਹਰ ਵਰ੍ਹੇ 10 ਫ਼ੀਸਦੀ ਵਾਧਾ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸੇ ਵੀ ਮੀਟਿੰਗ ਜਾਂ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਲਈ ਰੋਜ਼ਾਨਾ ਦੋ ਹਜ਼ਾਰ ਰੁਪਏ ਭੱਤਾ ਮਿਲੇਗਾ। ਹੁਣ ਤਕ ਇਹ ਭੱਤਾ ਇਕ ਹਜ਼ਾਰ ਰੁਪਏ ਦਿੱਤਾ ਜਾਂਦਾ ਸੀ। ਦਫਤਰ 'ਚ ਕੰਪਿਊਟਰ, ਪਿ੫ੰਟਰ ਆਦਿ ਦੀ ਖ਼ਰੀਦ ਲਈ 60 ਹਜ਼ਾਰ ਰੁਪਏ ਦਿੱਤੇ ਜਾਣਗੇ। ਲੈਪਟਾਪ, ਪੀਸੀ, ਮੋਬਾਈਲ ਖ਼ਰੀਦਣ ਲਈ ਵੀ ਇਕ ਲੱਖ ਰੁਪਏ ਇਕ ਮੁਸ਼ਤ ਹੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਗੱਡੀ ਖ਼ਰੀਦਣ ਲਈ ਵੀ 12 ਲੱਖ ਤਕ ਦਾ ਕਰਜ਼ ਮਿਲੇਗਾ। ਹੁਣ ਤਕ ਇਸ ਲਈ ਚਾਰ ਲੱਖ ਦੇਣ ਦਾ ਪ੫ਬੰਧ ਸੀ। ਇਸ ਤੋਂ ਇਲਾਵਾ ਕਿਸੇ ਰਿਸਰਚ ਟੂਰ ਲਈ ਤਿੰਨ ਲੱਖ ਰੁਪਏ ਸਾਲਾਨਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।