-ਸੈਸ਼ਨ ਕੋਰਟ ਨੇ ਪਾਰਸਕਰ ਨਿਰਦੋਸ਼ ਦੱਸ ਕੇ ਕੀਤਾ ਬਰੀ
-ਮੁੰਬਈ ਦੀ ਇਕ ਮਾਡਲ ਨੇ ਲਗਾਇਆ ਸੀ ਜਬਰ ਜਨਾਹ ਦਾ ਦੋਸ਼
ਸਟੇਟ ਬਿਊਰੋ, ਮੁੰਬਈ : ਮਾਡਲ ਕੁੜੀ ਨਾਲ ਬਲਾਤਕਾਰ ਦੇ ਦੋਸ਼ ਹੇਠ ਮੁਅੱਤਲ ਚੱਲ ਰਹੇ ਮਹਾਰਾਸ਼ਟਰ ਦੇ ਡੀਆਈਜੀ ਸੁਨੀਲ ਪਾਰਸਕਰ ਨੂੰ ਸੈਸ਼ਨ ਕੋਰਟ ਨੇ ਬਰੀ ਕਰ ਦਿੱਤਾ ਹੈ। ਬੀਤੇ ਸਾਲ ਮੁੰਬਈ ਦੀ ਇਕ 25 ਸਾਲਾ ਮਾਡਲ ਨੇ ਪਾਰਸਕਰ 'ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਮਾਡਲ ਮੁਤਾਬਕ ਉਹ ਪਹਿਲੀ ਵਾਰ ਪਾਰਸਕਰ ਨੂੰ 2012 ਵਿਚ ਕਿਸੇ ਕੰਮ ਲਈ ਮਿਲੀ ਸੀ। ਉਸ ਸਮੇਂ ਉਹ ਐਡੀਸ਼ਨਲ ਪੁਲਸ ਕਮਿਸ਼ਨਰ ਸਨ।
ਬਲਾਤਕਾਰ ਦਾ ਦੋਸ਼ ਲੱਗਣ ਦੇ ਤੁਰੰਤ ਬਾਅਦ ਪਾਰਸਕਰ ਨੇ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਕੁਝ ਦਿਨਾਂ ਮਗਰੋਂ ਹੀ ਅੌਰਤਾਂ ਲਈ ਬਣੀ ਵਿਸ਼ੇਸ਼ ਅਦਾਲਤ ਨੇ ਇਹ ਕਹਿੰਦੇ ਹੋਏ ਜ਼ਮਾਨਤ ਦੇ ਦਿੱਤੀ ਕਿ ਸ਼ਿਕਾਇਤ ਤੇ ਮਾਡਲ ਵੱਲੋਂ ਭੇਜੀ ਗਈ ਈ-ਮੇਲ ਦੇਖਣ ਤੋਂ ਲੱਗਦਾ ਹੈ ਕਿ ਇਹ ਕੰਮ ਦੋਵਾਂ ਦੀ ਸਹਿਮਤੀ ਨਾਲ ਹੋਇਆ ਹੋਵੇਗਾ। ਪਾਰਸਕਰ 'ਤੇ ਇਹ ਦੋਸ਼ ਲੱਗਣ ਦੇ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਮੁੰਬਈ ਪੁਲਸ ਨੇ ਪਾਰਸਕਰ ਵਿਰੁੱਧ 724 ਪੰਨਿਆਂ ਦਾ ਦੋਸ਼ ਪੱਤਰ ਪੇਸ਼ ਕੀਤਾ ਸੀ। ਪੁਲਸ ਅਫਸਰ ਨੇ ਇਨ੍ਹਾਂ ਦੋਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਸੈਸ਼ਨ ਕੋਰਟ ਵਿਚ ਖੁਦ ਨੂੰ ਬਰੀ ਕਰਨ ਦੀ ਅਪੀਲ ਕੀਤੀ ਸੀ। ਸ਼ੁੱਕਰਵਾਰ ਨੂੰ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਪਾਰਸਕਰ ਨੂੰ ਬਰੀ ਕਰ ਦਿੱਤਾ ਪਰ ਵਿਸ਼ੇਸ਼ ਸਰਕਾਰੀ ਵਕੀਲ ਪ੍ਰਦੀਪ ਘਰਾਤ ਨੇ ਕਿਹਾ ਕਿ ਉਹ ਸੈਸ਼ਨ ਕੋਰਟ ਦੇ ਫੈਸਲੇ ਨੂੰ ਮੁੰਬਈ ਹਾਈ ਕੋਰਟ ਵਿਚ ਚੁਣੌਤੀ ਦੇਣਗੇ। ਪਾਰਸਕਰ ਵਿਰੁੱਧ ਵਿਭਾਗੀ ਜਾਂਚ ਵੀ ਹੋਈ ਸੀ ਜਿਸ ਵਿਚ ਉਨ੍ਹਾਂ ਨੂੰ ਸਿਵਲ ਸੇਵਾ ਆਚਰਣ ਜ਼ਾਬਤੇ ਦਾ ਦੋਸ਼ੀ ਮੰਨਿਆ ਗਿਆ ਸੀ।