ਲਖਬੀਰ, ਜਲੰਧਰ
ਲੁੱਟਾਂ-ਖੋਹਾਂ ਕਰਨ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਨਿੱਤ ਨਵੇਂ ਢੰਗ-ਤਰੀਕੇ ਅਪਣਾ ਰਹੇ ਹਨ ਤੇ ਆਮ ਲੋਕਾਂ ਦੀ ਮਾਸੂਮੀਅਤ ਨਾਲ ਖੇਡਦੇ ਹੋਏ ਆਪਣੇ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਬੀਤੇ ਦਿਨ ਇਸੇ ਤਰ੍ਹਾਂ ਦੀ ਇਕ ਘਟਨਾ ਅਵਤਾਰ ਨਗਰ ਦੇ ਰਹਿਣ ਵਾਲੇ ਇਕ ਬਜ਼ੁਰਗ ਜੋੜੇ ਨਾਲ ਵਾਪਰੀ।
ਜਾਣਕਾਰੀ ਦਿੰਦਿਆਂ ਅਵਤਾਰ ਨਗਰ ਦੇ ਮਕਾਨ ਨੰਬਰ 260, ਗਲੀ ਨੰ. 5 ਦੇ ਸੁਨੀਲ ਕੁਮਾਰ ਤੇ ਉਸਦੀ ਪਤਨੀ ਸਰੋਜ ਰਾਣੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਫੋਨ 'ਤੇ ਏਟੀਐਮ ਨੰਬਰ ਲੈਕੇ ਉਨ੍ਹਾਂ ਨਾਲ 3600 ਰੁਪਏ ਦੀ ਲੁੱਟ ਕੀਤੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਉਹ ਬੈਂਕ ਆਫ ਇੰਡੀਆ, ਚੰਡੀਗੜ੍ਹ ਤੋਂ ਬੋਲ ਰਿਹਾ ਹੈ। ਉਸਨੇ ਕਿਹਾ ਕਿ ਉਨ੍ਹਾਂ ਦੇ ਏਟੀਐਮ ਕਾਰਡ ਦਾ ਨੰਬਰ ਬਦਲ ਗਿਆ ਤੇ ਜਿਸ ਕਾਰਨ ਬੈਂਕ ਨੂੰ ਉਨ੍ਹਾਂ ਦਾ ਪੁਰਾਣਾ ਏਟੀਐਮ ਨੰਬਰ ਤੇ ਪਾਸਵਰਡ ਚਾਹੀਦਾ ਹੈ। ਸਰੋਜ ਰਾਣੀ ਅਨੁਸਾਰ ਉਸਨੇ ਆਪਣੇ ਪਤੀ ਦਾ ਫੋਨ ਨੰਬਰ ਦੇਕੇ ਉਨ੍ਹਾਂ ਨਾਲ ਗੱਲ ਕਰਨ ਲਈ ਕਿਹਾ। ਉਸਨੇ ਕਿਹਾ ਦੋਬਾਰਾ ਫਿਰ ਉਸਨੂੰ ਤੇ ਉਸਦੇ ਪਤੀ ਨੂੰ ਉਕਤ ਵਿਅਕਤੀ ਦਾ ਫੋਨ ਆਇਆ ਤੇ ਉਸਨੇ ਨਵਾਂ ਏਟੀਐਮ ਨੰਬਰ ਦੱਸਿਆ। ਉਕਤ ਵਿਅਕਤੀ ਨੇ ਪੁਰਾਣੇ ਏਟੀਐਮ ਨੰਬਰ ਦੇ ਦੋ ਅੱਖਰਾਂ ਤੋਂ ਇਲਾਵਾ ਸਾਰੇ ਅੱਖਰ ਦੱਸ ਦਿੱਤੇ ਅਤੇ ਕਿਹਾ ਕਿ ਉਹ ਆਖਰੀ ਦੋ ਨੰਬਰ ਬੈਂਕ ਨੂੰ ਦੱਸ ਦੇਣ ਤਾਂਕਿ ਉਨ੍ਹਾਂ ਦੇ ਖਾਤੇ ਦੇ ਪੈਸੇ ਨਵੇਂ ਨੰਬਰ 'ਚ ਟਰਾਂਸਫਰ ਕੀਤੇ ਜਾ ਸਕਣ। ਬਜ਼ੁਰਗ ਜੋੜੇ ਨੇ ਦੱਸਿਆ ਕਿ ਗੱਲਾਂ 'ਚ ਆਕੇ ਉਨ੍ਹਾਂ ਉਸ ਵਿਅਕਤੀ ਨੂੰ ਸਾਰੇ ਨੰਬਰ ਦੱਸ ਦਿੱਤੇ। ਸਰੋਜ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਨੂੰ ਉੱਚਾ ਸੁਣਨ ਕਾਰਨ ਉਨ੍ਹਾਂ ਨਾਲ ਧੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ੱਕ ਪੈਣ 'ਤੇ ਜਦੋਂ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਚਲਿਆ ਕਿ ਉਨ੍ਹਾਂ ਨਾਲ ਧੱਕਾ ਹੋ ਚੁੱਕਾ ਹੈ। ਉਨ੍ਹਾਂ ਜਦੋਂ ਏਟੀਐਮ 'ਚ ਜਾਕੇ ਚੈਕ ਕੀਤਾ ਤਾਂ ਖਾਤੇ 'ਚੋਂ ਸਾਰੇ ਪੈਸੇ ਗਾਇਬ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਦੱਸਣ ਵਾਲੇ ਦੀ ਫੋਨ ਰਿਕਾਰਡਿੰਗ ਉਨ੍ਹਾਂ ਕੋਲ ਹੈ। ਸਾਰੀ ਘਟਨਾ ਸਬੰਧੀ ਥਾਣਾ ਭਾਰਗੋ ਕੈਂਪ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।