ਯਾਤਰਾ ਦੀ ਜ਼ਮੀਨ ਤਿਆਰ ਕਰਨ ਲਈ ਅਗਲੇ ਮਹੀਨੇ ਇਜ਼ਰਾਈਲ ਜਾਏਗੀ ਸੁਸ਼ਮਾ ਸਵਰਾਜ
ਮੋਦੀ ਦੀ ਯਾਤਰਾ ਦੌਰਾਨ ਅਹਿਮ ਰੱਖਿਆ ਸਹਿਯੋਗ 'ਤੇ ਬਣੇਗੀ ਸਹਿਮਤੀ
ਰੱਖਿਆ ਦੇ ਨਾਲ ਖੇਤੀ ਖੇਤਰ 'ਚ ਵੀ ਵਿਆਪਕ ਸਮਝੌਤੇ ਦੀ ਤਿਆਰੀ
ਜਾਗਰਣ ਬਿਊਰੋ, ਨਵੀਂ ਦਿੱਲੀ : ਗੁਆਂਢੀ ਦੇਸ਼ ਪਾਕਿਸਤਾਨ ਨਾਲ ਇਤਿਹਾਸਕ ਕੂਟਨੀਤਕ ਪਹਿਲ ਕਰਨ ਮਗਰੋਂ ਹੁਣ ਸਾਰਿਆਂ ਦੀ ਨਜ਼ਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਨੇੜਲੇ ਭਵਿੱਖ 'ਚ ਹੋਣ ਵਾਲੀ ਇਜ਼ਰਾਈਲ ਯਾਤਰਾ 'ਤੇ ਹਨ। ਉਂਝ ਇਸ ਯਾਤਰਾ ਦੀ ਤਰੀਕ ਅਜੇ ਨਿਸਚਿਤ ਨਹੀਂ ਹੋਈ ਹੈ ਪਰ ਵਿਦੇਸ਼ ਮੰਤਰਾਲੇ ਅੰਦਰਖਾਤੇ ਇਸਦੀ ਤਿਆਰੀ 'ਚ ਲੱਗਾ ਹੈ। ਇਸੇ ਲੜੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਗਲੇ ਮਹੀਨੇ ਇਜ਼ਰਾਈਲ ਜਾ ਰਹੀ ਹੈ। ਬਤੌਰ ਵਿਦੇਸ਼ ਮੰਤਰੀ ਆਪਣੀ ਪਹਿਲੀ ਇਜ਼ਰਾਈਲ ਯਾਤਰਾ ਦੌਰਾਨ ਸਵਰਾਜ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੇ ਸਮਝੌਤਿਆਂ ਦੀ ਸਮੀਖਿਆ ਕਰੇਗੀ। ਮੰਨਿਆ ਜਾਂਦਾ ਹੈ ਕਿ ਮੋਦੀ ਦਾ ਯਾਤਰਾ ਦੌਰਾਨ ਅਹਿਮ ਰੱਖਿਆ ਸਹਿਯੋਗ ਨੂੰ ਲੈ ਕੈ ਇਤਿਹਾਸਕ ਕਰਾਰ ਹੋ ਸਕਦਾ ਹੈ। ਮੋਦੀ ਦੀ ਇਜ਼ਰਾਈਲ ਯਾਤਰਾ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਪਹਿਲਾਂ ਮੋਦੀ ਦੇ ਸਾਲ 2015 ਦੇ ਅਖੀਰ 'ਚ ਉਥੇ ਜਾਣ ਦੀ ਚਰਚਾ ਸੀ ਪਰ ਕੁਝ ਕਾਰਨਾਂ ਕਰਕੇ ਇਹ ਸੰਭਵ ਨਾ ਹੋ ਸਕਿਆ। ਅਕਤੂਬਰ 2015 ਵਿਚ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਇਜ਼ਰਾਈਲ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਵਿਚਕਾਰ ਕਾਫੀ ਵਧੀਆ ਕੈਮਿਸਟਰੀ ਬਣ ਗਈ ਹੈ। ਸਤੰਬਰ 2015 ਵਿਚ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਬਾਅਦ ਇਨ੍ਹਾਂ ਦੋਵਾਂ ਵਿਚਕਾਰ ਹਾਲ ਹੀ ਵਿਚ ਪੈਰਿਸ ਪੌਣਪਾਣੀ ਸੰਮੇਲਨ ਵਿਚ ਵੀ ਮੁਲਾਕਾਤ ਹੋਈ ਸੀ। ਦੋਵਾਂ ਨੇ ਇਕ ਦੂਸਰੇ ਨੂੰ ਮੁੜ ਆਪਣੇ ਆਪਣੇ ਦੇਸ਼ ਦੀ ਯਾਤਰਾ ਕਰਨ ਲਈ ਸੱਦਾ ਦਿੱਤਾ ਹੈ। ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਮੋਦੀ ਪਹਿਲਾਂ ਇਜ਼ਰਾਈਲ ਜਾਣਗੇ। ਓਧਰ ਇਜ਼ਰਾਈਲ ਨੇ ਪਿਛਲੇ ਕੁਝ ਸਾਲਾਂ ਤੋਂ ਪੱਛਮੀ ਦੇਸ਼ਾਂ ਦੀ ਥਾਂ ਪੂਰਬ ਦੇ ਵੱਡੇ ਦੇਸ਼ ਮਸਲਨ ਚੀਨ ਅਤੇ ਭਾਰਤ ਨਾਲ ਆਪਣੇ ਰਿਸ਼ਤਿਆਂ ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ।
ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਰਿਸ਼ਤੇ ਬਣੇ ਦੋ ਦਹਾਕੇ ਬੀਤਣ ਦੇ ਬਾਅਦ ਵੀ ਅਜੇ ਤੱਕ ਕਿਸੇ ਭਾਰਤੀ ਪ੍ਰਧਾਨਮੰਤਰੀ ਨੇ ਇਜ਼ਰਾਈਲ ਦੀ ਯਾਤਰਾ ਨਹੀਂ ਕੀਤੀ ਹੈ। ਇਸੇ ਤਰ੍ਹਾਂ ਇਜ਼ਰਾਈਲ ਭਾਰਤ ਨੂੰ ਹਥਿਆਰਾਂ ਦੀ ਦਰਾਮਦ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਬਣਾ ਚੁੱਕਾ ਹੈ। ਫਿਰ ਵੀ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਉਥੇ ਦਾ ਦੌਰਾ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ ਅਗਲੇ ਸਾਲ ਇਹ ਪਰੰਪਰਾ ਨਿਸਚਿਤ ਤੌਰ ਤੇ ਟੁੱਟੇਗੀ। ਦਰਅਸਲ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਗੱਲਬਾਤ ਚੱਲ ਰਹੀ ਹੈ। ਮੋਦੀ ਸਰਕਾਰ ਜਿਸ ਢੰਗ ਨਾਲ ਰੱਖਿਆ ਖੇਤਰ ਵਿਚ ਮੇਕ ਇਨ ਇੰਡੀਆ ਨੂੰ ਹੱਲਾਸ਼ੇਰੀ ਦੇ ਰਹੀ ਹੈ ਇਜ਼ਰਾਈਲ ਉਸ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾ ਚੁੱਕਾ ਹੈ।