ਵਿਜੇ ਹਜ਼ਾਰੇ ਟਰਾਫੀ
-ਫਾਈਨਲ ਵਿਚ ਦਿੱਲੀ ਨੂੰ 139 ਦੌੜਾਂ ਨਾਲ ਦਿੱਤੀ ਮਾਤ
-ਪਟੇਲ ਨੇ ਖੇਡੀ 105 ਦੌੜਾਂ ਦੀ ਸ਼ਾਨਦਾਰ ਪਾਰੀ
-ਆਰਪੀ ਸਿੰਘ ਨੇ ਚਾਰ ਅਤੇ ਬੁਮਰਾਹ ਨੇ ਹਾਸਲ ਕੀਤੀਆਂ ਪੰਜ ਵਿਕਟਾਂ
ਬੰਗਲੌਰ (ਏਜੰਸੀ) : ਕਪਤਾਨ ਪਾਰਥਿਵ ਪਟੇਲ (105) ਦੀ ਸ਼ਾਨਦਾਰ ਪਾਰੀ ਤੋਂ ਬਾਅਦ ਆਰਪੀ ਸਿੰਘ (4/42) ਅਤੇ ਜਸਪ੍ਰੀਤ ਬੁਮਰਾਹ (5/28) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ 'ਤੇ ਗੁਜਰਾਤ ਨੇ ਸੋਮਵਾਰ ਨੂੰ ਦਿੱਲੀ ਨੂੰ ਹਰਾ ਕੇ ਵੱਕਾਰੀ ਘਰੇਲੂ ਵਨ ਡੇ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਦਾ ਖ਼ਿਤਾਬ ਜਿੱਤ ਲਿਆ। ਗੁਜਰਾਤ ਨੇ ਨਿਰਧਾਰਤ 50 ਓਵਰਾਂ ਵਿਚ ਦਸ ਵਿਕਟਾਂ 'ਤੇ 273 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਸਿਤਾਰਿਆਂ ਨਾਲ ਸਜੀ ਦਿੱਲੀ ਦੀ ਟੀਮ ਸਿਰਫ਼ 32.3 ਓਵਰਾਂ ਵਿਚ 134 ਦੌੜਾਂ 'ਤੇ ਸਿਮਟ ਗਈ। ਦਿੱਲੀ ਦੇ ਕਪਤਾਨ ਗੌਤਮ ਗੰਭੀਰ ਨੇ ਟਾਸ ਜਿੱਤ ਕੇ ਗੁਜਰਾਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਨਵਦੀਪ ਸੈਨਾ ਨੇ ਪੀਕੇ ਪੰਚਾਲ (14) ਅਤੇ ਇਸ਼ਾਂਤ ਸ਼ਰਮਾ ਨੇ ਭਾਰਗਵ ਮੇਰੀਆ (05) ਨੂੰ ਫਟਾਫਟ ਆਊਟ ਕਰਕੇ ਕਪਤਾਨ ਦੇ ਫ਼ੈਸਲੇ ਦਾ ਸਮਰਥਨ ਕੀਤਾ। 44 ਦੌੜਾਂ 'ਤੇ ਦੋ ਵਿਕਟਾਂ ਗੁਆ ਦੇਣ ਦੇ ਬਾਵਜੂਦ ਇਕ ਪਾਸੇ ਖੜ੍ਹੇ ਸਲਾਮੀ ਬੱਲੇਬਾਜ਼ ਪਾਰਥਿਵ ਨੇ ਆਪਣੇ ਅੰਦਾਜ਼ ਵਿਚ ਸ਼ਾਟ ਖੇਡੇ। ਉਨ੍ਹਾਂ ਨੂੰ ਰੁਜੁਲ ਭੱਟ (60) ਦਾ ਚੰਗਾ ਸਾਥ ਮਿਲਿਆ। 35ਵੇਂ ਓਵਰ ਵਿਚ ਪਾਰਥਿਵ ਨੇ ਆਪਣਾ ਸੈਂਕੜਾ ਪੂਰਾ ਕੀਤਾ। 37ਵੇਂ ਓਵਰ ਵਿਚ ਨਿਤੀਸ਼ ਰਾਣਾ ਨੇ ਭੱਟ ਨੂੰ ਆਊਟ ਕਰਕੇ 149 ਦੌੜਾਂ ਦੀ ਭਾਈਵਾਲੀ ਦਾ ਅੰਤ ਕੀਤਾ। ਗੁਜਰਾਤ ਦੀ ਟੀਮ ਨੇ ਆਪਣੀ ਪਾਰੀ ਵਿਚ 273 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੇ ਦਿੱਲੀ ਦੇ ਬੱਲੇਬਾਜ਼ਾਂ 'ਤੇ ਆਰਪੀ ਕਹਿਰ ਬਣ ਕੇ ਟੁੱਟ ਪਏ। ਪਹਿਲੀ ਹੀ ਗੇਂਦ 'ਤੇ ਉਨ੍ਹਾਂ ਨੇ ਰਿਸ਼ਭ ਪੰਤ (00) ਨੂੰ ਬੋਲਡ ਕਰ ਦਿੱਤਾ। ਆਪਣੇ ਤੀਜੇ ਓਵਰ ਵਿਚ ਉਨ੍ਹਾਂ ਨੇ ਦੂਜੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (05) ਨੂੰ ਆਊਟ ਕੀਤਾ। ਇਸ ਤੋਂ ਬਾਅਦ ਆਪਣੇ ਪੰਜਵੇਂ ਅਤੇ ਪਾਰੀ ਦੇ ਨੌਂਵੇ ਓਵਰ ਵਿਚ ਉਨ੍ਹਾਂ ਨੇ ਕਪਤਾਨ ਗੌਤਮ ਗੰਭੀਰ (09) ਨੂੰ ਆਊਟ ਕਰ ਕੇ ਵਿਰੋਧੀ ਟੀਮ ਦਾ ਲੱਕ ਤੋੜ ਦਿੱਤਾ। 31 ਦੌੜਾਂ 'ਤੇ ਚਾਰ ਵਿਕਟਾਂ ਗੁਆ ਦੇਣ ਤੋਂ ਬਾਅਦ ਦਿੱਲੀ ਦੀ ਟੀਮ ਫਿਰ ਮੈਚ ਵਿਚ ਕਦੀ ਵਾਪਸੀ ਕਰਦੇ ਨਜ਼ਰ ਨਾ ਆਈ। ਆਰਪੀ ਸਿੰਘ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਵਿਕਟਾਂ ਸੁੱਟਣ ਦੀ ਜ਼ਿੰਮੇਵਾਰੀ ਚੁੱਕੀ ਅਤੇ ਦਿੱਲੀ ਦੀ ਟੀਮ ਕਿਸੇ ਤਰ੍ਹਾਂ ਆਪਣੇ ਪਿਛਲੇ ਬੱਲੇਬਾਜ਼ਾਂ ਦੀ ਮਦਦ ਨਾਲ ਤਿੰਨ ਅੰਕਾਂ ਦਾ ਅੰਕੜਾ ਪਾਰ ਕਰ ਸਕੀ।