ਨਵੀਂ ਦਿੱਲੀ (ਏਜੰਸੀਆਂ) : ਕਾਂਗਰਸ ਦੀ ਮੁੰਬਈ ਇਕਾਈ ਵੱਲੋਂ ਸਥਾਪਨਾ ਦਿਵਸ 'ਤੇ ਛਪੇ ਕਾਂਗਰਸ ਦਰਸ਼ਨ ਰਸਾਲੇ 'ਚ ਪੰਡਤ ਜਵਾਹਰ ਲਾਲ ਨਹਿਰੂ ਤੇ ਸੋਨੀਆ ਗਾਂਧੀ 'ਤੇ ਨਿਸ਼ਾਨਾ ਲਾਇਆ ਗਿਆ। ਚਾਰੇ ਪਾਸੇ ਜਦੋਂ ਇਸ ਦੀ ਚਰਚਾ ਸ਼ੁਰੂ ਹੋ ਗਈ ਤਾਂ ਆਖਰਕਾਰ ਮੁੰਬਈ ਕਾਂਗਰਸ ਨੇ ਇਸ ਲਈ ਅਫ਼ਸੋਸ ਪ੍ਰਗਟ ਕਰਦਿਆਂ ਕਾਰਵਾਈ ਤਹਿਤ ਸਭ ਤੋਂ ਪਹਿਲਾਂ ਕਾਂਗਰਸ ਦਰਸ਼ਨ ਰਸਾਲੇ ਦੇ ਕੰਟੈਂਟ ਸੰਪਾਦਕ ਸੁਧੀਰ ਜੋਸ਼ੀ ਨੂੰ ਕੱਢ ਦਿੱਤਾ ਗਿਆ। ਰਸਾਲੇ ਦੇ ਸੰਪਾਦਕ ਦੀ ਹੈਸੀਅਤ 'ਚ ਸੰਜੇ ਨਿਰੂਪਮ ਨੇ ਫ਼ੌਰਨ ਇਸ ਸਬੰਧੀ ਸਫ਼ਾਈ ਪੇਸ਼ ਕਰਨ ਲਈ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਰਸਾਲੇ ਵਿਚ ਜੋ ਕੁਝ ਛਪਿਆ ਉਹ ਇਤਰਾਜ਼ਯੋਗ ਹੈ ਤੇ ਮੈਂ ਇਸ ਲਈ ਆਪਣੀ ਗ਼ਲਤੀ ਸਵੀਕਾਰ ਕਰਦਾ ਹਾਂ। ਜ਼ਿਕਰਯੋਗ ਹੈ ਕਿ ਅੱਜ ਆਪਣਾ 131ਵਾਂ ਸਥਾਪਨਾ ਦਿਵਸ ਮਨਾ ਰਹੀ ਕਾਂਗਰਸ ਦੀ ਮੁੰਬਈ ਇਕਾਈ ਦੇ ਰਸਾਲੇ ਕਾਂਗਰਸ ਦਰਸ਼ਨ 'ਚ ਛਪੇ ਇਕ ਲੇਖ 'ਚ ਕਸ਼ਮੀਰ, ਚੀਨ ਤੇ ਤਿੱਬਤ ਦੇ ਹਾਲਾਤ ਲਈ ਪੰਡਤ ਜਵਾਹਰ ਲਾਲ ਨਹਿਰੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਨਹਿਰੂ ਨੂੰ ਅੰਤਰਰਾਸ਼ਟਰੀ ਮਾਮਲਿਆਂ 'ਤੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ ਗੱਲ ਸੁਣਨੀ ਚਾਹੀਦੀ ਸੀ। 16 ਦਸੰਬਰ ਨੂੰ ਪਟੇਲ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਮਕਸਦ ਨਾਲ ਇਸ ਮਹੀਨੇ ਪਾਰਟੀ ਦੇ ਕਾਂਗਰਸ ਦਰਸ਼ਨ ਦੇ ਹਿੰਦੀ ਐਡੀਸ਼ਨ 'ਚ ਪ੍ਰਕਾਸ਼ਿਤ ਲੇਖ 'ਚ ਲੇਖਕ ਦੇ ਨਾਂ ਦਾ ਜ਼ਿਕਰ ਨਹੀਂ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਅਹੁਦੇ 'ਤੇ ਰਹਿਣ ਦੇ ਬਾਵਜੂਦ ਦੋਵਾਂ ਨੇਤਾਵਾਂ ਵਿਚਾਲੇ ਸਬੰਧ ਤਣਾਅਪੂਰਨ ਬਣੇ ਰਹੇ ਅਤੇ ਦੋਵਾਂ ਨੇ ਉਸ ਵੇਲੇ ਕਈ ਵਾਰ ਅਸਤੀਫ਼ੇ ਦੇਣ ਦੀ ਧਮਕੀ ਵੀ ਦਿੱਤੀ ਸੀ। ਲੇਖ ਮੁਤਾਬਕ ਜੇ ਨਹਿਰੂ ਨੇ ਪਟੇਲ ਦੀ ਦੂਰਦਰਸ਼ਿਤਾ ਨੂੰ ਗ੍ਰਹਿਣ ਕਰ ਲਿਆ ਹੁੰਦਾ ਤਾਂ ਕਈ ਅੰਤਰਰਾਸ਼ਟਰੀ ਮਾਮਲਿਆਂ ਨੂੰ ਲੈ ਕੇ ਸਮੱਸਿਆ ਖੜ੍ਹੀ ਨਾ ਹੁੰਦੀ। ਲੇਖ ਵਿਚ 1950 'ਚ ਕਥਿਤ ਤੌਰ 'ਤੇ ਪਟੇਲ ਦੇ ਲਿਖੇ ਇਕ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਤਿੱਬਤ ਨੂੰ ਲੈ ਕੇ ਚੀਨ ਦੀ ਨੀਤੀ ਵਿਰੁੱਧ ਨਹਿਰੂ ਨੂੰ ਸੁਚੇਤ ਕਰਦਿਆਂ ਚੀਨ ਨੂੰ ਇਕ ਗ਼ੈਰ ਭਰੋਸੇਮੰਦ ਤੇ ਭਵਿੱਖ 'ਚ ਭਾਰਤ ਦਾ ਦੁਸ਼ਮਣ ਦੱਸਿਆ ਹੈ। ਲੇਖ ਅਨੁਸਾਰ ਜੇ ਉਹ (ਨਹਿਰੂ) ਪਟੇਲ ਦੀ ਗੱਲ ਸੁਣਦੇ ਤਾਂ ਅੱਜ ਕਸ਼ਮੀਰ, ਚੀਨ, ਤਿੱਬਤ ਤੇ ਨੇਪਾਲ ਦੀਆਂ ਸਮੱਸਿਆਵਾਂ ਨਾ ਹੁੰਦੀਆਂ। ਪਟੇਲ ਨੇ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿਚ ਉਠਾਉਣ ਦੇ ਨਹਿਰੂ ਦੇ ਕਦਮ ਦਾ ਵੀ ਵਿਰੋਧ ਕੀਤੀ ਸੀ ਅਤੇ ਨੇਪਾਲ ਬਾਰੇ ਪਟੇਲ ਦੇ ਵਿਚਾਰਾਂ ਤੋਂ ਵੀ ਉਹ ਸਹਿਮਤ ਨਹੀਂ ਸਨ।
ਇਸ ਲੇਖ ਵਿਚ ਸੋਨੀਆ ਗਾਂਧੀ ਦੇ ਪਿਤਾ ਸਟੈਫਾਨੋ ਮਾਇਨੋ ਨੂੰ ਫਾਸ਼ੀਵਾਦੀ ਸਿਪਾਹੀ ਦੱਸਿਆ ਗਿਆ ਹੈ। ਨਾਲ ਹੀ ਦੋਸ਼ ਲਾਇਆ ਕਿ ਸੋਨੀਆ ਨੇ 1998 'ਚ ਸਰਕਾਰ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਮੁੰਬਈ ਦੀ ਕਾਂਗਰਸ ਇਕਾਈ ਦੇ ਮੁਖੀ ਤੇ ਰਸਾਲੇ ਦੀ ਸੰਪਾਦਕ ਸੰਜੇ ਨਿਰੂਪਮ ਨੇ ਲੇਖ ਬਾਰੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਰਸਾਲੇ ਦੇ ਹਰ ਦਿਨ ਦੇ ਕੰਮ 'ਚ ਸ਼ਾਮਲ ਨਹੀਂ ਹੰੁਦੇ, ਇਸ ਲਈ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ।
ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਹਿੰਦੀ ਅਖ਼ਬਾਰ ਸਾਮਨਾ ਦੇ ਸੰਪਾਦਕ ਰਹਿ ਚੁੱਕੇ ਨਿਰੂਪਮ ਨੇ ਕਿਹਾ ਕਿ ਮੈਂ ਇਸ ਲੇਖ ਨਾਲ ਸਹਿਮਤ ਨਹੀਂ ਹਾਂ। ਅਜਿਹਾ ਲੱਗਦਾ ਹੈ ਕਿ ਇਹ ਲੇਖ ਕਿਤਿਓਂ ਲੈ ਲਿਆ ਗਿਆ ਹੈ ਪਰ ਮੈਂ ਲੇਖਕ ਦਾ ਨਾਂ ਨਹੀਂ ਜਾਣਦਾ। ਇਸ ਗ਼ਲਤੀ ਲਈ ਸੁਧਾਰਾਤਮਕ ਕਦਨ ਚੁੱਕੇ ਜਾਣਗੇ। ਇਸੇ ਦੌਰਾਨ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਤੇ ਰਾਜ ਬੱਬਰ ਨੇ ਇਹ ਗੰਭੀਰ ਮਾਮਲਾ ਹੈ ਤੇ ਇਸ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਵਿਚ ਉਠਾਇਆ ਜਾਵੇਗਾ।