ਜੇਐਨਐਨ, ਬਿਠੰਡਾ : ਭਿਸਿਆਨਾ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਰਹੇ ਇਕ ਬਰਖ਼ਾਸਤ ਮੁਲਾਜ਼ਮ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਲਈ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਕਰਨ ਦੇ ਦੋਸ਼ ਵਿਚ ਗਿ੍ਰਫ਼ਤਾਰ ਕੀਤਾ ਗਿਆ ਹੈ। ਬਰਖ਼ਾਸਤ ਮੁਲਾਜ਼ਮ ਰਣਜੀਤ ਨੂੰ ਬਿਠੰਡਾ ਤੋਂ ਹੀ ਦਿੱਲੀ ਪੁਲਸ ਦੀ ਕਰਾਇਮ ਬਰਾਂਚ ਨੇ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਸਥਾਨਕ ਪੁਲਸ ਇਹ ਤਾਂ ਮੰਨਦੀ ਹੈ ਕਿ ਇਕ ਜਾਸੂਸ ਫੜਿਆ ਗਿਆ ਹੈ ਪਰ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਰਣਜੀਤ ਦੇ ਤਾਰ ਰਾਜਸਥਾਨ ਤੋਂ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਫੜੇ ਗਏ ਵਿਅਕਤੀਆਂ ਨਾਲ ਜੁੜੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਰਣਜੀਤ ਬੁਨਿਆਦੀ ਤੌਰ 'ਤੇ ਕੇਰਲ ਦਾ ਵਸਨੀਕ ਹੈ।
ਪੁਲਸ ਤੇ ਖੁਫ਼ੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਰਣਜੀਤ ਭਿਸਿਆਨਾ ਏਅਰ ਫੋਰਸ ਸਟੇਸ਼ਨ 'ਤੇ ਪਿਛਲੇ ਦੋ ਸਾਲਾਂ ਤੋਂ ਸਿਗਨਲਮੈਨ ਅਹੁਦੇ 'ਤੇ ਤਾਇਨਾਤ ਸੀ। ਉਹਦੇ ਕੋਲ ਹੀ ਸਵੀਮਿੰਗ ਪੂਲ ਦੀ ਜ਼ਿੰਮੇਵਾਰੀ ਸੀ। ਜਦਕਿ ਉਸ ਦੀ ਸਰਗਰਮੀਆਂ 'ਤੇ ਸ਼ੱਕ ਹੋਣ ਦੇ ਦੋਸ਼ ਵਿਚ ਹਵਾਈ ਫ਼ੌਜ ਨੇ ਦੋ ਮਹੀਨੇ ਪਹਿਲਾਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇਨੀਂ ਦਿਨੀਂ ਭਿਸਿਆਨਾ ਵਿਚ ਹੀ ਸੀ। ਉਹ ਹਵਾਈ ਫ਼ੌਜ ਤੇ ਆਸ-ਪਾਸ ਦੀ ਫ਼ੌਜੀ ਜਾਣਕਾਰੀ ਇਕੱਤਰ ਕਰ ਕੇ ਸੋਸ਼ਲ ਮੀਡੀਆ, ਈਮੇਲ, ਵ੍ਹਾਟਸਐਪ ਆਦਿ ਤੋਂ ਆਈਐਸਆਈ ਦੇ ਭਾਰਤ ਵਿਚ ਕਾਰਜਸ਼ੀਲ ਏਜੰਟਾਂ ਨੂੰ ਭੇਜਦਾ ਸੀ।
ਇਸ ਸਬੰਧ ਵਿਚ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਹੈ ਕਿ ਏਅਰ ਫੋਰਸ ਸਟੇਸ਼ਨ ਤੋਂ ਜਾਸੂਸੀ ਦਾ ਮਾਮਲਾ ਫੜੇ ਜਾਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਉਥੇ ਐਸਪੀ (ਐਚ) ਡਾ. ਨਾਨਕ ਸਿੰਘ ਮੁਤਾਬਕ ਦਿੱਲੀ ਦੀ ਕਰਾਇਮ ਬ੍ਰਾਂਚ ਵੱਲੋਂ ਏਅਰ ਫੋਰਸ ਦੇ ਇਕ ਸਾਬਕਾ ਮੁਲਾਜ਼ਮ ਨੂੰ ਜਾਸੂਸੀ ਦੇ ਦੋਸ਼ਾਂ ਵਿਚ ਫੜੇ ਜਾਣ ਸਬੰਧੀ ਪਤਾ ਲੱਗਾ ਹੈ ਪਰ ਇਸ ਬਾਰੇ ਵਧੇਰੇ ਜਾਣਕਾਰੀ ਹਵਾਈ ਫ਼ੌਜ ਦੇ ਅਫਸਰ ਹੀ ਦੇ ਸਕਦੇ ਹਨ। ਸੰਪਰਕ ਕਰਨ 'ਤੇ ਏਅਰ ਫੋਰਸ ਦੇ ਇਕ ਅਫਸਰ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਕੁੜੀ ਦੀ ਝੂਠੀ ਪਛਾਣ ਨਾਲ ਫਸਾਇਆ
ਸੂਤਰਾਂ ਮੁਤਾਬਕ ਏਅਰ ਫੋਰਸ ਦੇ ਸਿਗਨਲਮੈਨ ਰਣਜੀਤ ਨੂੰ ਆਈਐਸਆਈ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਜਾਲ ਵਿਚ ਫਸਾਇਆ। ਉਹਦੇ ਨਾਲ ਕੁੜੀ ਦੀ ਜਾਅਲੀ ਫੇਸਬੁਕ ਆਈਡੀ ਬਣਾ ਕੇ ਰਾਬਤਾ ਕੀਤਾ ਗਿਆ ਤੇ ਫਿਰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹਾਸਲ ਕਰ ਲਈਆਂ। ਖੁਫ਼ੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਬਿਠੰਡਾ ਵਿਚ ਫ਼ੌਜ ਦੀ ਛਾਉਣੀ, ਏਅਰ ਫੋਰਸ ਸਟੇਸ਼ਨ, ਆਈਓਸੀਏਐਲ, ਐਚਪੀਸੀਐਲ ਦੇ ਤੇਲ ਡਿਪੂ, ਬੜਾ ਰੇਲਵੇ ਸਟੇਸ਼ਨ, ਰਿਫਾਈਨਰੀ ਤੇ ਥਰਮਲ ਪਾਵਰ ਸਟੇਸ਼ਨ ਹੋਣ ਕਰਕੇ ਜੰਗੀ ਨਜ਼ਰੀਏ ਤੋਂ ਵੀ ਅਹਿਮ ਹੈ। ਇਸੇ ਕਰਕੇ ਆਈਐਸਆਈ ਦੀਆਂ ਨਾਪਾਕ ਨਜ਼ਰਾਂ ਵੀ ਬਿਠੰਡਾ 'ਤੇ ਲੱਗੀਆਂ ਰਹਿੰਦੀਆਂ ਹਨ।