ਜੇਐਨਐਨ, ਜਲੰਧਰ : ਥਾਣਾ ਆਦਮਪੁਰ ਦੇ ਪਿੰਡ ਖਿਆਲਾ 'ਚ ਸ਼ਨਿਚਰਵਾਰ ਨੂੰ ਹੋਮ ਗਾਰਡ ਦੇ ਜਵਾਨ ਦੀਆਂ ਦੋ ਪੁੱਤਰੀਆਂ ਨੇ ਜ਼ਹਿਰ ਨਿਗਲ ਲਿਆ, ਜਿਸ 'ਚ ਇਕ ਦੀ ਮੌਤ ਹੋ ਗਈ ਤੇ ਦੂਜੀ ਦਾ ਜਲੰਧਰ ਦੇ ਨਿੱਜੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਮਹਿਲਾ ਥਾਣਾ 'ਚ ਡਰਾਈਵਰ ਦੀ ਪੋਸਟ 'ਤੇ ਤਾਇਨਾਤ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਪੁੱਤਰੀਆਂ ਤੇ ਇਕ ਲੜਕਾ ਹੈ। ਦੂਜੇ ਨੰਬਰ ਵਾਲੀ ਤਰੁਣਜੀਤ ਕੌਰ, ਜਿਸਦਾ ਵਿਆਹ 10 ਸਾਲ ਪਹਿਲਾਂ ਕੀਤਾ ਸੀ, ਜਿਸਦਾ ਪਤੀ ਕੁੱਟਮਾਰ ਤੇ ਦਾਜ ਦੀ ਮੰਗ ਲਈ ਤੰਗ ਪਰੇਸ਼ਾਨ ਕਰਦਾ ਹੈ, ਜਿਸਨੇ ਕਿਹਾ ਸੀ ਕਿ ਉਹ ਵਿਦੇਸ਼ ਤੋਂ ਆਇਆ ਹੈ ਤੇ ਵਿਦੇਸ਼ ਜਾਣਾ ਹੈ। ਇਸ ਵਿਵਾਦ ਕਾਰਨ ਉਨ੍ਹਾਂ ਦੀ ਪੁੱਤਰੀ ਲਗਪਗ ਪੰਜ ਮਹੀਨੇ ਪਹਿਲਾਂ ਆਪਣੇ ਪੇਕੇ ਉਨ੍ਹਾਂ ਕੋਲ ਆ ਗਈ।
ਸ਼ਨਿਚਰਵਾਰ ਨੂੰ ਤਰੁਣਜੀਤ ਕੌਰ ਨੇ ਜ਼ਹਿਰ ਨਿਗਲ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਛੋਟੀ ਪੁੱਤਰੀ ਰਾਜਵਿੰਦਰ ਕੌਰ ਨੇ ਵੀ ਜ਼ਹਿਰ ਨਿਗਲ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਦੋਵੇਂ ਭੈਣਾਂ 'ਚ ਕਾਫੀ ਪਿਆਰ ਸੀ। ਭੈਣ ਨੂੰ ਜ਼ਹਿਰ ਖਾਧਾ ਦੇਖ ਰਾਜਵਿੰਦਰ ਕੌਰ ਸਹਿਣ ਨਹੀਂ ਕਰ ਸਕੀ। ਦੋਵਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਤਰੁਣਜੀਤ ਕੌਰ ਨੇ ਐਤਵਾਰ ਨੂੰ ਦਮ ਤੋੜ ਦਿੱਤਾ। ਮਨਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦੂਜੀ ਪੁੱਤਰੀ ਜਿਸਦੀ ਤਬੀਅਤ ਗੰਭੀਰ ਹੈ। ਇਸ ਮਾਮਲੇ 'ਚ ਥਾਣਾ ਆਦਮਪੁਰ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਧਰ ਇਸ ਮਾਮਲੇ 'ਚ ਥਾਣਾ ਆਦਮਪੁਰ ਦੇ ਏਐਸਆਈ ਕਰਨੈਲ ਸਿੰਘ ਦਾ ਕਹਿਣਾ ਸੀ ਕਿ ਪੁਲਸ ਨੇ ਤਰੁਣਜੀਤ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਮਿ੍ਰਤਕਾ ਤਰੁਣਜੀਤ ਕੌਰ ਦੇ ਪਿਤਾ ਮਨਜੀਤ ਸਿੰਘ ਦੇ ਬਿਆਨਾਂ 'ਤੇ ਦਾਮਾਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਜਲਦੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਏਐਸਆਈ ਦਾ ਇਹ ਵੀ ਕਹਿਣਾ ਸੀ ਕਿ ਰਾਜਵਿੰਦਰ ਕੌਰ ਦਾ ਇਲਾਜ ਕੀਤਾ ਜਾ ਰਿਹਾ ਹੈ।