ਜੇਐਨਐਨ, ਜਲੰਧਰ : ਕੁਝ ਦਿਨਾਂ ਤਕ ਗਰਮਾਹਟ ਤੋਂ ਬਾਅਦ ਸ਼ਨਿਚਰਵਾਰ ਤੋਂ ਮੌਸਮ ਨੇ ਦੁਬਾਰਾ ਮਿਜਾਜ਼ ਬਦਲਣ ਕਾਰਨ ਠੰਢ ਨੇ ਲੋਕਾਂ ਨੂੰ ਦੁਬਾਰਾ ਆਪਣੇ ਸ਼ਿਕੰਜੇ 'ਚ ਲੈ ਲਿਆ ਹੈ। ਧੁੰਦ ਨੇ ਵਾਹਨਾਂ ਦੀ ਰਫ਼ਤਾਰ ਹੌਲੀ ਤੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਹੇਠਲਾ ਤਾਪਮਾਨ ਤੇਜ਼ੀ ਨਾਲ ਡਿੱਗਿਆ। ਧੁੰਦ ਕਾਰਨ ਸੜਕ ਤੇ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋਣ ਨਾਲ ਲੋਕ ਆਪਣੇ ਪਹੁੰਚ ਸਥਾਨਾਂ 'ਤੇ ਦੇਰੀ ਨਾਲ ਪਹੁੰਚੇ। ਐਤਵਾਰ ਨੂੰ ਜਲੰਧਰ ਸਟੇਸ਼ਨ 'ਤੇ ਪਹੁੰਚਣ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲੀਆਂ ਤੇ ਕਈ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ। ਸੁਪਰ ਫਾਸਟ ਨਵੀਂ ਦਿੱਲੀ ਜਲੰਧਰ ਸਟੇਸ਼ਨ ਤੋਂ 4 ਵਜੇ ਰਵਾਨਾ ਹੋਈ, ਜੋ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ-ਕਰੀਬ ਅੱਠ ਘੰਟੇ ਦੇਰੀ ਨਾਲ ਚੱਲੀ। ਇਸ ਤੋਂ ਇਲਾਵਾ ਜੱਲਿਆਂਵਾਲਾ ਅੰਮਿ੍ਰਤਸਰ 11.56 ਦੀ ਬਜਾਏ ਸ਼ਾਮ 6.40 ਵਜੇ ਰਵਾਨਾ ਹੋਈ। ਸ਼ਾਨ-ਏ-ਪੰਜਾਬ ਦੇਰ ਸ਼ਾਮ 7.30 ਵਜੇ ਜਲੰਧਰ ਤੋਂ ਰਵਾਨਾ ਹੋਈ। ਛੱਤੀਸਗੜ੍ਹ 8 ਵੱਜ ਕੇ 10 ਮਿੰਟ, ਜੰਮੂ ਤਵੀ ਐਕਸਪ੍ਰੈੱਸ, ਹਾਵੜਾ ਸਮੇਤ ਦਰਜਨਾਂ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲੀਆਂ। ਸ਼ਤਾਬਦੀ ਅੰਮਿ੍ਰਤਸਰ ਡੇਢ ਘੰਟੇ ਦੇਰੀ ਨਾਲ ਚੱਲੀ। ਧੁੰਦ ਦੇ ਕਹਿਰ ਨੇ ਰੇਲ ਗੱਡੀਆਂ ਦੇ ਪਹੀਏ ਵੀ ਜਾਮ ਕੀਤੇ, ਜਿਸਦਾ ਸਿੱਧਾ ਅਸਰ ਯਾਤਰੀਆਂ 'ਤੇ ਪੈ ਰਿਹਾ ਹੈ। ਦਿੱਲੀ ਸੁਪਰਫਾਸਟ ਨੂੰ ਐਤਵਾਰ ਰੱਦ ਕੀਤਾ ਗਿਆ। ਦੇਰ ਸ਼ਾਮ ਤਕ ਕਈ ਰੇਲ ਗੱਡੀਆਂ ਰਾਤ ਤਕ ਜਲੰਧਰ ਪਹੁੰਚੀਆਂ ਤੇ ਯਾਤਰੀ ਪਲੇਟਫਾਰਮ 'ਤੇ ਹੀ ਆਪਣੇ ਸਾਮਾਨ ਦੇ ਨਾਲ ਬੈਠੇ ਰਹੇ।
↧