ਆਸ਼ੂਤੋਸ਼ ਝਾਅ, ਨਵੀਂ ਦਿੱਲੀ : ਜਨਤਾ ਨੂੰ ਆਪਣੇ ਕਾਰਜਕਾਲ ਦੇ ਇਕ-ਇਕ ਦਿਨ ਦਾ ਹਿਸਾਬ ਦੇਣ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਆਪਣੇ ਮੰਤਰੀਆਂ ਨੂੰ ਉਸੇ ਕਸੌਟੀ 'ਤੇ ਪਰਖਣਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਸਰਕਾਰ ਦਾ ਇਕ ਤਿਹਾਈ ਸਮਾਂ ਖ਼ਤਮ ਹੁੰਦਿਆਂ ਹੀ ਹੁਣ ਮੰਤਰੀਆਂ ਤੋਂ ਯੋਜਨਾਵਾਂ ਦੇ ਅਮਲ 'ਤੇ ਹਿਸਾਬ-ਕਿਤਾਬ ਲੈਣ ਦੀ ਕਵਾਇਦ ਤੇਜ਼ ਹੋਣ ਵਾਲੀ ਹੈ। ਮੰਤਰੀਆਂ ਦੇ ਕਾਰਜਕਾਲ, ਉਨ੍ਹਾਂ ਪ੍ਰਸ਼ਾਸਨਿਕ ਸਮਰੱਥਾ ਅਤੇ ਯੋਜਨਾਵਾਂ ਨੂੰ ਜ਼ਮੀਨ 'ਤੇ ਲਹਾਉਣ ਦੀ ਯੋਗਤਾ ਨੂੰ ਪਰਖਿਆ ਜਾਵੇਗਾ। ਇਸ ਦੀ ਪਹਿਲੀ ਪ੍ਰਕਿਰਿਆ 27 ਜਨਵਰੀ ਨੂੰ ਸ਼ੁਰੂ ਹੋ ਸਕਦੀ ਹੈ ਜਿਥੇ ਮੰਤਰੀ ਮੰਡਲ ਦੀ ਬੈਠਕ 'ਚ ਖਾਸ ਤੌਰ 'ਤੇ ਖੇਤੀ ਨਾਲ ਜੁੜੇ ਸਾਰੇ ਵਿਭਾਗਾਂ ਅਤੇ ਕੈਬਨਿਟ ਦੇ ਫ਼ੈਸਲਿਆਂ 'ਤੇ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਨੂੰ ਇਕ ਤਰ੍ਹਾਂ ਬਜਟ ਸੈਸ਼ਨ ਦੀ ਤਿਆਰੀ ਵਜੋਂ ਵੀ ਦੇਖਿਆ ਜਾ ਰਿਹਾ ਹੈ ਜਿਥੇ ਵਿਰੋਧੀਆਂ ਦੇ ਪੁਰਾਣੇ ਰੁਖ਼ 'ਚ ਬਹੁਤੇ ਬਦਲਾਅ ਦੀ ਉਮੀਦ ਘੱਟ ਹੈ।
ਪਿਛਲੇ ਵੀਹ ਮਹੀਨਿਆਂ 'ਚ ਜਿਥੇ ਸਰਕਾਰ ਵੱਲੋਂ ਹਰ ਖੇਤਰ 'ਚ ਕਈ ਵੱਡੀਆਂ ਉਪਲੱਬਧੀਆਂ ਗਿਣਾਈਆਂ ਗਈਆਂ ਹਨ, ਉਥੇ ਕਾਂਗਰਸ ਵੱਲੋਂ ਇਹ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਕਈ ਵੱਡੇ ਕਦਮ ਯੂਪੀਏ ਕਾਲ ਦੇ ਹੀ ਹਨ ਜਿਨ੍ਹਾਂ ਦਾ ਨਾਂ ਬਦਲ ਕੇ ਪੇਸ਼ ਕਰ ਦਿੱਤਾ ਗਿਆ। ਕਿਸਾਨਾਂ, ਮਜ਼ਦੂਰਾਂ, ਸਹੂਲਤਾਂ ਤੋਂ ਸੱਖਣੇ, ਉਦਯੋਗਾਂ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਹਨ ਅਤੇ ਯੋਜਨਾਵਾਂ ਦੇ ਲਾਗੂ ਹੋਣ ਦੀ ਗਤੀ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਜਾਂਦਾ ਰਿਹਾ ਹੈ।
ਅਜਿਹੇ 'ਚ ਮੋਦੀ ਦੀ ਸਮੀਖਿਆ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਸਲ 'ਚ ਉਹ ਖੁਦ ਪੂਰੀ ਤਰ੍ਹਾਂ ਯਕੀਨ ਕਰ ਲੈਣਾ ਚਾਹੁੰਦੇ ਹਨ ਕਿ ਕਿਸੇ ਵੀ ਪੱਧਰ 'ਤੇ ਕੋਈ ਿਢੱਲ-ਮੱਠ ਜਾਂ ਕੋਤਾਹੀ ਨਾ ਵਰਤੀ ਜਾਵੇ। ਸੂਤਰਾਂ ਮੁਤਾਬਕ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ 27 ਜਨਵਰੀ ਨੂੰ ਕੈਬਨਿਟ ਅਤੇ ਸੀਸੀਈਏ 'ਚ ਲਏ ਗਏ ਫ਼ੈਸਲਿਆਂ ਦੀ ਸਮੀਖਿਆ ਹੋਵੇਗੀ। ਸੂਤਰ ਦੱਸਦੇ ਹਨ ਕਿ ਸਮੀਖਿਆ ਦਾ ਦੌਰ ਕੁਝ ਪੜ੍ਹਾਵਾਂ 'ਚ ਚੱਲੇਗਾ।
ਪਹਿਲੇ ਪੜ੍ਹਾਅ 'ਚ 27 ਤਰੀਕ ਨੂੰ ਖੇਤੀ ਨਾਲ ਜੁੜੇ ਵਿਭਾਗਾਂ ਦਾ ਪ੍ਰਜੈਂਟੇਸ਼ਨ ਹੋਵੇਗਾ। ਇਸ 'ਚ ਖੇਤੀ ਮੰਤਰਾਲਾ ਦੇ ਨਾਲ-ਨਾਲ ਗ੍ਰਾਮੀਣ ਵਿਕਾਸ ਅਤੇ ਰਸਾਇਣ ਅਤੇ ਖਾਦ ਮੰਤਰਾਲਾ ਦਾ ਪ੍ਰਜੈਂਟੇਸ਼ਨ ਹੋਵੇਗਾ। ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਕਿ ਹੁਣ ਤਕ ਜੋ ਫ਼ੈਸਲੇ ਲਈ ਗਏ ਉਹ ਜ਼ਮੀਨ 'ਤੇ ਕਿੰਨੀ ਉਤਰੇ ਹਨ। ਉਹ ਟੀਚਾ ਤਕ ਪਹੁੰਚ ਸਕੇ ਜਾਂ ਨਹੀਂ। ਇਸ 'ਚ ਕੀ ਕਮੀ ਰਹੀ ਅਤੇ ਉਸ ਦਾ ਪ੍ਰਚਾਰ-ਪ੍ਰਸਾਰ ਕਿੰਨਾ ਹੋਇਆ। ਸੂਤਰ ਹਾਲਾਂਕਿ ਇਸ ਬੈਠਕ ਨੂੰ ਸਿਰਫ ਸਮੀਖਿਆ ਨਾਲ ਜੋੜਦੇ ਹਨ ਪਰ ਕੈਬਨਿਟ ਵਿਸਥਾਰ ਅਤੇ ਫੇਰਬਦਲ ਦੀਆਂ ਸੰਭਾਵਨਾਵਾਂ ਵਿਚਾਲੇ ਇਸ ਦਾ ਮਹੱਤਵ ਹੋਰ ਵੱਧ ਗਿਆ ਹੈ। ਧਿਆਨ ਰਹੇ ਕਿ ਮੋਦੀ ਨੇ ਹੁਣ ਸਿਰਫ ਇਕ ਵਾਰ ਛੋਟਾ ਜਿਹਾ ਕੈਬਨਿਟ ਵਿਸਥਾਰ ਕੀਤਾ ਸੀ। ਇਸ ਵਾਰ ਥੋੜਾ ਵੱਡਾ ਵਿਸਥਾਰ ਅਤੇ ਫੇਰਬਦਲ ਹੋ ਸਕਦਾ ਹੈ। ਉਸ ਤੋਂ ਪਹਿਲਾਂ ਹੀ ਭਾਜਪਾ ਪ੍ਰਧਾਨ ਦੀ ਚੋਣ ਵੀ ਹੋ ਜਾਵੇਗੀ ਅਤੇ ਉਸੇ ਹੀ ਲਿਹਾਜ ਨਾਲ ਸਰਕਾਰ ਅਤੇ ਸੰਗਠਨ 'ਚ ਨਵੇਂ ਚਿਹਰੇ ਦਿਸ ਸਕਦੇ ਹਨ।