ਏਮਜ਼ ਅਤੇ ਐਫਬੀਆਈ ਦੀ ਰਿਪੋਰਟ 'ਚ ਹੋਇਆ ਖੁਲਾਸਾ
ਜ਼ਿਆਦਾ ਮਾਤਰਾ 'ਚ ਮਿਲਿਆ ਐਲਪ੍ਰਾਜੋਲਮ
ਸਟਾਫ ਰਿਪੋਰਟਰ, ਨਵੀਂ ਦਿੱਲੀ:
ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਹੱਤਿਆਕਾਂਡ 'ਚ ਐਫਬੀਆਈ ਅਤੇ ਏਮਜ਼ ਮੈਡੀਕਲ ਬੋਰਡ ਦੀ ਰਿਪੋਰਟ 'ਚ ਨਵਾਂ ਖੁਲਾਸਾ ਹੋਇਆ ਹੈ। ਰਿਪੋਰਟ ਦੇ ਮੁਤਾਬਕ ਸੁਨੰਦਾ ਦੇ ਵਿਸਰਾ 'ਚ ਲੀਡੋਕੇਨ ਕੈਮੀਕਲ ਮਿਲਣ ਦੇ ਨਾਲ ਜ਼ਿਆਦਾ ਮਾਤਰਾ 'ਚ ਐਲਪ੍ਰਾਜੋਲਮ ਦੀ ਵੀ ਪੁਸ਼ਟੀ ਹੋਈ ਹੈ। ਲੀਡੋਕੇਨ ਦੀ ਵਰਤੋਂ ਆਮ ਤੌਰ 'ਤੇ ਆਪ੍ਰੇਸ਼ਨ ਦੌਰਾਨ ਕਿਸੇ ਹਿੱਸੇ ਨੂੰ ਸੁੰਨ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਇੰਜੈਕਸ਼ਨ ਜਾਂ ਜੈਲ ਦੇ ਜ਼ਰੀਏ ਸਰੀਰ ਦੀ ਉਪਰੀ ਚਮੜੀ 'ਤੇ ਲਗਾਇਆ ਜਾਂਦਾ ਹੈ। ਜੇਕਰ ਇਸ ਨੂੰ ਨਸ 'ਚ ਲਗਾ ਦਿੱਤਾ ਜਾਏ ਤਾਂ ਇਹ ਮੌਤ ਦਾ ਕਾਰਨ ਬਣਦਾ ਹੈ। ਐਫਬੀਆਈ ਰਿਪੋਰਟ ਦੇ ਆਧਾਰ 'ਤੇ ਏਮਜ਼ ਮੈਡੀਕਲ ਬੋਰਡ ਨੇ ਦਿੱਲੀ ਪੁਲਸ ਨੂੰ ਕਿਹਾ ਕਿ ਸੁਨੰਦਾ ਦੀ ਮੌਤ ਜ਼ਹਿਰ ਨਾਲ ਹੀ ਹੋਈ ਹੈ। ਇਸ ਦੇ ਇਲਾਵਾ ਐਸਆਈਟੀ ਨੂੰ ਸੁਨੰਦਾ ਦੇ ਸਰੀਰ 'ਤੇ ਲੱਗੇ ਇੰਜੈਕਸ਼ਨ ਦੀ ਹਕੀਕਤ ਦੀ ਜਾਂਚ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।
ਸੁਨੰਦਾ ਦੀ ਹੱਤਿਆ ਦਾ ਮੁਕੱਦਮਾ ਜਨਵਰੀ, 2015 'ਚ ਦਰਜ ਹੋਇਆ ਸੀ। ਇਸ ਦੇ ਬਾਅਦ ਸੁਨੰਦਾ ਦਾ ਵਿਸਰਾ ਫੋਰੈਂਸਿਕ ਬਿਊਰੋ ਆਫ ਇਨਵੈਸਟੀਗੇਸ਼ਨ ਲੈਬ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਸੀ। ਐਫਬੀਆਈ ਨੇ ਅਕਤੂਬਰ 'ਚ ਰਿਪੋਰਟ ਦਿੱਤੀ ਸੀ। ਇਸ 'ਤੇ ਦਿੱਲੀ ਪੁਲਸ ਨੇ ਏਮਜ਼ ਮੈਡੀਕਲ ਬੋਰਡ ਤੋਂ ਓਪੀਨੀਅਨ ਰਿਪੋਰਟ ਮੰਗੀ ਸੀ।
ਓਪੀਨੀਅਨ ਰਿਪੋਰਟ ਸਾਹਮਣੇ ਆਉਣ ਦੇ ਬਾਅਦ ਹੁਣ ਐਫਬੀਆਈ ਦੀ ਰਿਪੋਰਟ ਸਾਹਮਣੇ ਆਈ ਹੈ। ਐਫਬੀਆਈ ਨੇ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਸੁਨੰਦਾ ਦੇ ਸਰੀਰ 'ਚ ਵੱਧ ਮਾਤਰਾ 'ਚ ਐਲਪ੍ਰਾਜ਼ੋਲਮ ਮਿਲਿਆ ਹੈ। ਸੁਨੰਦਾ ਦੇ ਪੇਟ, ਲਿਵਰ ਦੇ ਨਾਲ ਕਿਡਨੀ 'ਚ ਵੀ ਐਲਪ੍ਰਾਜ਼ੋਲਮ ਮਿਲਿਆ ਹੈ। ਏਨਾ ਹੀ ਨਹੀਂ ਸਰੀਰ 'ਚ ਲੀਡੋਕੇਨ ਕੈਮੀਕਲ ਮਿਲਿਆ ਹੈ। ਏਮਜ਼ ਦੇ ਇਕ ਡਾਕਟਰ ਦੀ ਮੰਨੀਏ ਤਾਂ ਲੀਡੋਕੇਨ ਕੈਮੀਕਲ ਛੇਤੀ ਨਾਲ ਜਾਂਚ 'ਚ ਸਪਸ਼ਟ ਨਹੀਂ ਹੁੰਦਾ। ਪੋਸਟਮਾਰਟਮ 'ਚ ਸੁਨੰਦਾ ਦੇ ਸਰੀਰ 'ਤੇ ਇੰਜੈਕਸ਼ਨ ਦੇ ਨਿਸ਼ਾਨ ਮਿਲੇ ਸਨ। ਯਾਦ ਰਹੇ ਕਿ ਐਲਪ੍ਰਾਜ਼ੋਲਮ ਦੀ ਵਰਤੋਂ ਡਿਪ੍ਰੈਸ਼ਨ ਦੀ ਦਵਾਈ ਵਜੋਂ ਕੀਤੀ ਜਾਂਦੀ ਹੈ।