ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ
ਬੀਤੇ ਦਿਨੀਂ ਅਮਰੀਕਾ ਜਾਣ ਦੇ ਚਾਹਵਾਨ 20 ਨੌਜਵਾਨਾਂ ਦੇ ਕੋਲੰਬੀਆ 'ਚ ਇਕ ਬੇੜੀ ਹਾਦਸੇ ਦੌਰਾਨ ਡੁੱਬ ਕੇ ਮਰ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਪੰਜਾਬ ਭਰ ਹੀ ਨਹੀਂ ਬਲਕਿ ਦੇਸ਼ ਭਰ 'ਚ ਸਨਸਨੀ ਫੈਲ ਗਈ ਸੀ। ਇੱਥੋਂ ਤਕ ਕਿ ਇਸ ਹਾਦਸੇ 'ਤੇ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ 'ਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਗੱਲ ਕਰ ਚੁੱਕੇ ਹਨ।
ਪਰ ਦੂਜੇ ਪਾਸੇ ਇਸ ਹਾਦਸੇ 'ਚ ਮਾਰੇ ਜਾਣ ਵਾਲੇ 20 ਨੌਜਵਾਨਾਂ ਦੇ ਪਰਿਵਾਰਾਂ ਦੀ ਥਾਂ ਸਿਰਫ਼ ਦੋ ਨੌਜਵਾਨਾਂ ਦੇ ਪਰਿਵਾਰਾਂ ਦੇ ਸਾਹਮਣੇ ਆਉਣ ਨਾਲ ਹਾਦਸੇ 'ਚ ਮਿ੍ਰਤਕਾਂ ਦੀ ਗਿਣਤੀ ਤੇ ਹਾਦਸੇ ਦੀ ਹਕੀਕਤ ਸਬੰਧੀ ਲੋਕ ਮਨਾਂ 'ਚ ਕਈ ਤਰ੍ਹਾਂ ਦੇ ਸ਼ੰਕੇ ਉੱਭਰ ਰਹੇ ਹਨ।
ਇਸ ਹਾਦਸੇ 'ਚ ਮਾਰੇ ਜਾਣ ਵਾਲੇ ਜਿਨ੍ਹਾਂ ਦੋ ਨੌਜਵਾਨਾ ਦੇ ਮਾਪੇ ਸਾਹਮਣੇ ਆਏ ਹਨ ਉਹ ਵੀ ਦੋਵੇਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਪੁਲਸ ਨੇ ਇਸ ਮਾਮਲੇ 'ਚ 3 ਕਥਿਤ ਤੌਰ 'ਤੇ ਟਰੈਵਲ ਏਜੰਟਾਂ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਹੈ। ਪਰ ਇਸ ਹਾਦਸੇ ਸਬੰਧੀ ਦਸਤਾਵੇਜ਼ੀ ਸਬੂਤ ਇਕੱਠੇ ਕਰਨਾ ਪੰਜਾਬ ਪੁਲਸ ਲਈ ਟੇਢੀ ਖੀਰ ਸਾਬਤ ਹੋ ਰਿਹਾ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਨ੍ਹਾਂ ਦੋ ਨੌਜਵਾਨਾਂ ਦੇ ਪਰਿਵਾਰ ਸਾਹਮਣੇ ਆਏ ਹਨ ਉਹ ਦੋਵੇਂ ਭੁਲੱਥ ਖੇਤਰ ਨਾਲ ਹੀ ਸਬੰਧਤ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਸ਼ਤੀ ਹਾਦਸੇ ਬਾਰੇ ਸੂਚਨਾ ਕਿਸੇ ਸੋਨੂੰ ਨਾਂ ਦੇ ਨੌਜਵਾਨ ਨੇ ਫੋਨ ਰਾਹੀਂ ਦਿੱਤੀ ਹੈ। ਪਰ ਜਦੋਂ ਤੋਂ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ ਉਸ ਤੋਂ ਬਾਅਦ ਨਾ ਤਾਂ ਮਾਪਿਆਂ ਨੂੰ ਹਾਦਸੇ ਵਾਲੀ ਥਾਂ ਦੀ ਕੋਈ ਠੋਸ ਜਾਣਕਾਰੀ ਮਿਲੀ ਅਤੇ ਨਾ ਹੀ ਉਕਤ ਸੋਨੂੰ ਨਾਂ ਦੇ ਨੌਜਵਾਨ ਦੀ ਮੁੜ ਕੋਈ ਫੋਨ ਆਇਆ ਹੈ।
ਸਵਾਲ ਇਹ ਵੀ ਹੈ ਕਿ ਆਖਰ ਬਾਕੀ 18 ਨੌਜਵਾਨਾਂ ਦੇ ਮਾਪੇ ਹੁਣ ਤਕ ਸਾਹਮਣੇ ਕਿਉਂ ਨਹੀਂ ਆ ਰਹੇ ਹਨ। ਕੀ ਬਾਕੀ ਡੁੱਬਣ ਵਾਲੇ ਨੌਜਵਾਨਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਅੱਖਾਂ ਦੇ ਤਾਰਿਆਂ ਦੇ ਡੁੱਬ ਜਾਣ ਦੀ ਕੋਈ ਖ਼ਬਰ ਹੀ ਉਨ੍ਹਾਂ ਤਕ ਨਹੀਂ ਪੁੱਜੀ।
ਮਾਲਟਾ ਤੇ ਮੋਰਾਕੋ ਕਾਂਡ 'ਚ ਮਿਲੇ ਸਨ ਦਸਤਾਵੇਜ਼ੀ ਸਬੂਤ
ਇਸ ਦੌਰਾਨ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗ਼ੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਵਿਚ ਸਮੁੰਦਰ ਰਸਤੇ ਜਾਣ ਦੌਰਾਨ ਬੇੜੀ ਪਲਟਣ ਕਾਰਨ ਮਾਰੇ ਜਾਣ ਵਾਲੇ ਵਿਅਕਤੀਆਂ ਸਬੰਧੀ ਪੜਤਾਲੀ ਏਜੰਸੀਆਂ ਕੋਲ ਕਾਫ਼ੀ ਦਸਤਾਵੇਜ਼ੀ ਸਬੂਤ ਮੌਜੂਦ ਸਨ, ਜੋ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਹਾਇਕ ਬਣੇ ਸਨ। ਪਰ ਇਸ ਮਾਮਲੇ ਵਿਚ ਕਈ ਤਰ੍ਹਾਂ ਦੇ ਸ਼ੰਕੇ ਮੌਜੂਦ ਹੋਣ ਕਾਰਨ ਇਸ ਮਾਮਲੇ 'ਚ ਕਥਿਤ ਟਰੈਵਲ ਏਜੰਟਾਂ ਨੂੰ ਕੋਈ ਸਜ਼ਾ ਦਿਵਾ ਸਕਣਾ ਪੁਲਸ ਲਈ ਟੇਢੀ ਖੀਰ ਸਾਬਤ ਹੋ ਸਕਦਾ ਹੈ।
ਕੀ ਕਹਿਣਾ ਹੈ ਐਸਐਸਪੀ ਦਾ
ਜਦੋਂ ਇਸ ਸਬੰਧੀ ਐਸਐਸਪੀ ਕਪੂਰਥਲਾ ਰਜਿੰਦਰ ਸਿੰਘ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਮਾਮਲੇ 'ਚ ਰਿਮਾਂਡ 'ਤੇ ਚਲ ਰਹੇ ਹਨ ਜਿਨ੍ਹਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ। ਪੁਲਸ ਗਿ੍ਰਫ਼ਤਾਰ ਦੋਸ਼ੀਆਂ ਕੋਲੋਂ ਕਈ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕਰਵਾਉਣ ਦੀ ਸਥਿਤੀ 'ਚ ਪੁੱਜ ਚੁੱਕੀ ਹੈ।