ਗੁਰਤੇਜ ਸਿੰਘ ਸਿੱਧੂ, ਬਿਠੰਡਾ : ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਪੀਪਲਜ਼ ਕਮਿਸ਼ਨ ਦੇ ਚੇਅਰਮੈਨ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਜਲਿ੍ਹਆਂਵਾਲੇ ਬਾਗ ਗੋਲੀ ਕਾਂਡ ਤੋਂ ਘੱਟ ਨਹੀਂ, ਫ਼ਰਕ ਇਹ ਹੈ ਕਿ ਜਲਿ੍ਹਆਂਵਾਲੇ ਬਾਗ ਵਿਚ ਅੰਗਰੇਜ਼ਾਂ ਨੇ ਗੋਲੀ ਚਲਾ ਕੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਬਹਿਬਲ ਕਲਾਂ ਵਿਚ 'ਆਪਣਿਆਂ' ਨੇ ਹੀ ਗੋਲੀ ਚਲਾ ਕੇ ਦੋ ਨਿਹੱਥੇ ਨੌਜਵਾਨਾਂ ਦੀ ਜਾਨ ਲਈ ਹੈ। ਇਥੇ ਪ੍ਰੈੱਸ ਕਾਨਫਰੰਸ ਵਿਚ ਗੱਲਬਾਤ ਕਰਦਿਆਂ ਕਾਟਜੂ ਨੇ ਕਿਹਾ ਕਿ ਪੀਪਲਜ਼ ਕਮਿਸ਼ਨ ਤਾਂ ਗਠਤ ਕਰਨਾ ਪਿਆ ਕਿਉਂਕਿ ਲੋਕਾਂ ਨੂੰ ਸਰਕਾਰ ਵੱਲੋਂ ਇਸ ਕਾਂਡ ਦੀ ਜਾਂਚ ਲਈ ਬਣਾਏ ਕਮਿਸ਼ਨ ਉੱਤੇ ਯਕੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਅਫਸਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਆਈਪੀਸੀ ਦੇ ਮੁਲਾਜ਼ਮ ਹਨ ਨਾ ਕਿ ਸਿਆਸਤਦਾਨਾਂ ਦੇ। ਕਾਟਜੂ ਨੇ ਕਿਹਾ ਕਿ ਜੇ ਕੋਈ ਸਿਆਸਤਦਾਨ ਕਾਨੂੰਨ ਤੋਂ ਉਲਟ ਕੰਮ ਕਰਨ ਲਈ ਆਖੇ ਤਾਂ ਪੁਲਸ ਅਫਸਰਾਂ ਨੂੰ ਇਨਕਾਰ ਕਰ ਦੇਣਾ ਚਾਹੀਦਾ ਹੈ। ਕਾਟਜੂ ਨੇ ਕਿਹਾ ਕਿ ਕਮਿਸ਼ਨ ਦੋ ਹਫਤਿਆਂ ਅੰਦਰ ਕਾਰਵਾਈ ਮੁਕੰਮਲ ਕਰਦਿਆਂ ਇਸ ਕਾਂਡ ਦੀ ਰਿਪੋਰਟ ਲੋਕਾਂ ਸਾਹਮਣੇ ਰੱਖ ਦੇਵੇਗਾ, ਇਸ ਤੋਂ ਬਾਅਦ ਲੋਕਾਂ ਤੇ ਜਥੇਬੰਦੀਆਂ ਨੇ ਵੇਖਣਾ ਹੈ ਕਿ ਉਹ ਇਸ ਰਿਪੋਰਟ ਦੇ ਅਧਾਰ 'ਤੇ ਮਾਮਲਾ ਅਦਾਲਤ ਵਿਚ ਲੈ ਕੇ ਜਾਂਦੇ ਹਨ ਜਾਂ ਨਹੀਂ। ਕਾਟਜੂ ਨੇ ਅੱਗੇ ਦੱਸਿਆ ਕਿ ਹੁਣ ਤਕ ਉਨ੍ਹਾਂ ਕੋਲ 45 ਵਿਅਕਤੀਆਂ ਨੇ ਹਲਫੀਆ ਬਿਆਨ ਦੇ ਕੇ ਪੁਲਸ ਦੀ ਕਾਰਵਾਈ ਬਾਰੇ ਵਿਸਥਾਰ ਵਿਚ ਦੱਸਿਆ ਹੈ ਜਿੰਨ੍ਹਾਂ ਵਿੱਚੋਂ ਬਹੁਤੇ ਬਹਿਬਲ ਗੋਲੀ ਕਾਂਡ ਦੇ ਚਸ਼ਮਦੀਦ ਗਵਾਹ ਹਨ ਪਰ ਫੇਰ ਵੀ ਉਕਤ ਗਵਾਹਾਂ ਦੀ ਭਰੋਸੇਯੋਗਤਾ ਜ਼ਰੂਰ ਪਰਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਸ਼ਮਦੀਦਾਂ ਨੇ ਉਸ ਸਮੇਂ ਦੇ ਮੋਗਾ ਦੇ ਐਸਐਸਪੀ, ਐਸਪੀ ਸਮੇਤ ਕਈ ਅਧਿਕਾਰੀਆਂ ਵੱਲੋਂ ਗੋਲੀ ਚਲਾਏ ਜਾਣ ਸਬੰਧੀ ਲਿਖਤੀ ਸ਼ਿਕਾਇਤਾਂ ਕਮਿਸ਼ਨ ਨੂੰ ਦਿੱਤੀਆਂ ਹਨ। ਇਸ ਗੋਲੀ ਕਾਂਡ ਵਿਚ ਗੰਭੀਰ ਜ਼ਖਮੀ ਹੋ ਕੇ ਸਰੀਰਕ ਤੌਰ 'ਤੇ ਨਕਾਰਾ ਹੋ ਚੁੱਕੇ 21 ਸਾਲਾ ਬੇਅੰਤ ਸਿੰਘ ਦਾ ਉਮਰ ਭਰ ਦਾ ਖ਼ਰਚਾ ਪੰਜਾਬ ਸਰਕਾਰ ਨੂੰ ਚੁੱਕਣ ਲਈ ਕਹਿਣਗੇ ਕਿਉਂਕਿ ਉਕਤ ਨੌਜਵਾਨ ਨੇ ਕੋਈ ਜੁਰਮ ਨਹੀਂ ਕੀਤਾ ਹੋਇਆ। ਪੰਜਾਬ ਸਰਕਾਰ ਵੱਲੋਂ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਬਾਰੇ ਉਨ੍ਹਾਂ ਕਿਸੇ ਵੀ ਟਿੱਪਣੀ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਹੀ ਸਭ ਪਤਾ ਹੈ।
ਇਸ ਮੌਕੇ ਕਮਿਸ਼ਨ ਦੇ ਸਕੱਤਰ ਸਾਬਕਾ ਡੀਜੀਪੀ ਜੇਲ੍ਹਾਂ ਸ਼ਸ਼ੀ ਕਾਂਤ, ਹਿਊਮਨ ਰਾਈਟਸ ਵੱਲੋਂ ਪੰਚ ਪ੫ਧਾਨੀ ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ, ਵਕੀਲ ਹਰਪਾਲ ਸਿੰਘ ਖਾਰਾ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੫ਧਾਨ ਨਵਦੀਪ ਸਿੰਘ ਜੀਦਾ, ਵਕੀਲ ਗੁਰਤੇਜ ਸਿੰਘ ਸਿੱਧੂ ਤੇ ਜੀਵਨਜੋਤ ਸਿੰਘ ਹਾਜ਼ਰ ਸਨ।
ਵਕੀਲਾਂ ਕੀਤਾ ਸਵਾਗਤ
ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਮਾਰਕੰਡੇ ਕਾਟਜੂ ਦਾ ਬਿਠੰਡਾ ਪੁੱਜਣ 'ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਸਵਾਗਤ ਕੀਤਾ। ਸਥਾਨਕ ਹੋਟਲ ਵਿਚ ਪੁੱਜੇ ਕਾਟਜੂ ਨੂੰ ਜ਼ਿਲ੍ਹਾ ਸੈਸ਼ਨ ਜੱਜ ਨੇ ਜੀ ਆਇਆਂ ਨੂੰ ਆਖਿਆ ਤੇ ਕਾਟਜੂ ਦੇ ਪਿੰਡ ਭੁੱਚੋ ਵੱਲ ਰਵਾਨਾ ਹੋਣ ਤੋਂ ਬਾਅਦ ਹੀ ਉਹ ਵਾਪਸ ਪਰਤੇ।