ਲਾਾਹੌਰ (ਏਜੰਸੀ) : ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਅੱਗੇ ਨਾ ਵਧਣ ਕਰਕੇ ਪਾਕਿਸਤਾਨ ਇਸ ਸਿਲਸਿਲੇ 'ਚ ਭਾਰਤ ਤੋਂ ਹੋਰ ਸਬੂਤ ਮੰਗਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨੀ ਰੋਜ਼ਾਨਾ ਅਖਬਾਰ 'ਡਾਨ' ਦੀ ਰਿਪੋਰਟ ਮੁਤਾਬਕ ਪਠਾਨਕੋਟ ਏਅਰਫੋਰਸ ਸਟੇਸ਼ਨ ਤੇ ਹਮਲੇ ਦੀ ਜਾਂਚ ਕਰ ਰਹੀ ਪਾਕਿਸਤਾਨ ਦੀ ਟੀਮ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੂੰ ਕਹੇਗੀ ਕਿ ਉਹ ਭਾਰਤ ਤੋਂ ਹੋਰ ਸਬੂਤ ਮੰਗੇ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਹਮਲੇ ਦੀ ਜਾਂਚ ਦੇ ਨਤੀਜੇ ਛੇਤੀ ਹੀ ਜਨਤਕ ਕੀਤੇ ਜਾਣਗੇ।
ਪਾਕਿਸਤਾਨੀ ਰੋਜ਼ਾਨਾ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ, 'ਟੀਮ ਨੇ ਭਾਰਤ ਵੱਲੋਂ ਮੁਹੱਈਆ ਕਰਵਾਏ ਗਏ (ਪਾਕਿਸਤਾਨ ਤੋਂ ਭਾਰਤ 'ਚ ਕਾਲ ਕਰਨ ਲਈ ਵਰਤੇ ਗਏ) ਪੰਜ ਸੈਲਫੋਨ ਨੰਬਰਾਂ ਦੀ ਜਾਂਚ ਤਕਰੀਬਨ ਪੂਰੀ ਕਰ ਲਈ ਹੈ। ਇਨ੍ਹਾਂ ਨੰਬਰਾਂ ਤੋਂ ਅੱਗੇ ਦੇ ਕੋਈ ਹੋਰ ਸੁਰਾਗ ਨਹੀਂ ਮਿਲੇ ਕਿਉਂਕਿ ਉਹ ਰਜਿਸਟਰਡ ਨਹੀਂ ਸਨ ਅਤੇ ਉਨ੍ਹਾਂ ਦੀ ਪਛਾਣ ਫਰਜ਼ੀ ਸੀ।' ਸੂਤਰ ਨੇ ਦੱਸਿਆ 'ਜਾਂਚ ਅੱਗੇ ਵਧ ਰਹੀ ਹੈ ਅਤੇ ਟੀਮ ਨੂੰ ਹੋਰ ਸਬੂਤਾਂ ਦੀ ਲੋੜ ਹੈ। ਇਸ ਲਈ ਅਸੀਂ ਸਰਕਾਰ ਨੂੰ ਲਿਖਿਆ ਹੈ ਕਿ ਉਹ ਭਾਰਤ ਨਾਲ ਗੱਲ ਕਰੇ ਅਤੇ ਉਸਨੂੰ ਹਾਲਾਤ ਤੋਂ ਆਗਾਹ ਕਰਾਏ ਅਤੇ ਇਥੇ ਜਾਂਚ ਨੂੰ ਅੱਗੇ ਵਧਾਉਣ ਲਈ ਹੋਰ ਸਬੂਤ ਮੰਗੇ।' ਸੂਤਰ ਨੇ ਪਠਾਨਕੋਟ ਅੱਤਵਾਦੀ ਹਮਲੇ ਦੇ ਸਿਲਸਿਲੇ 'ਚ ਹਿਰਾਸਤ 'ਚ ਲਏ ਗਏ ਜੈਸ਼-ਏ-ਮੁਹੰਮਦ ਮੌਲਾਨੀ ਮਸੂਦ ਅਜ਼ਹਰ ਸਣੇ ਲੋਕਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਪਹਿਲਾਂ ਭਾਰਤ ਤੋਂ ਹੋਰ ਸਬੂਤ ਆਉਣ ਦਿਓ।'
ਸ਼ਰੀਫ ਨੇ ਭਾਰਤ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਵਧੀਕ ਡੀਜੀਪੀ ਰਾਇ ਤਾਹਿਰ ਦੀ ਅਗਵਾਈ ਹੇਠ ਛੇ ਮੈਂਬਰਾਂ ਦੀ ਇਕ ਜਾਂਚ ਕਮੇਟੀ ਬਣਾਈ ਸੀ ਕਿ ਪਠਾਨਕੋਟ ਅੱਤਵਾਦੀ ਹਮਲੇ ਪਿੱਛੇ ਜੈਸ਼ ਦਾ ਹੱਥ ਹੈ। ਤਾਹਿਰ ਦੀ ਪ੍ਰਧਾਨਗੀ ਵਾਲੀ ਇਹ ਟੀਮ ਹੁਣ ਤੱਕ ਦੋ ਮੀਟਿੰਗਾਂ ਕਰ ਚੱੁਕੀ ਹੈ। ਸ਼ਰੀਫ ਨੇ ਸ਼ਨਿਚਰਵਾਰ ਨੂੰ ਲਾਹੌਰ 'ਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਜਾਂਚ ਚੱਲ ਰਹੀ ਹੈ ਅਤੇ ਉਸਤੇ ਨਤੀਜਿਆਂ ਨੂੰ ਜਨਤਕ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਵਿਚ ਪਾਕਿਸਤਾਨੀ ਸਰਜ਼ਮੀਂ ਦੇ ਇਸਤੇਮਾਲ ਦਾ ਪਰਦਾਫਾਸ਼ ਕਰਨ ਲਈ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਸ਼ਰੀਫ ਨੇ ਕਿਹਾ, 'ਇਹ ਉਜਾਗਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿ ਕੀ ਸਾਡੀ ਸਰਜ਼ਮੀਂ ਦਾ ਇਸਤੇਮਾਲ ਹਮਲੇ ਵਿਚ ਹੋਇਆ ਹੈ। ਅਸੀਂ ਇਸਨੂੰ ਕਰਾਂਗੇ ਅਤੇ ਚੱਲ ਰਹੀ ਜਾਂਚ ਛੇਤੀ ਹੀ ਪੂਰੀ ਹੋਵੇਗੀ।