ਸਟੇਟ ਬਿਊਰੋ, ਚੰਡੀਗੜ੍ਹ : ਚੋਣ ਸਾਲ 'ਚ ਵਿਕਾਸ ਨੂੰ ਖਾਸ ਤਵੱਜੋਂ ਦੇ ਰਹੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰ ਸ਼ਹਿਰ 'ਚ ਇਕ ਦਿਨ ਬਿਤਾਉਣ ਦਾ ਫ਼ੈਸਲਾ ਕੀਤਾ ਹੈ। ਉਸ ਦਿਨ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਹੀ ਚਰਚਾ ਹੋਵੇਗੀ। ਇਹ ਫ਼ੈਸਲਾ ਉਪ ਮੁੱਖ ਮੰਤਰੀ ਨੇ ਮੇਅਰਾਂ ਨਾਲ ਹੋਈ ਬੈਠਕ ਦੌਰਾਨ ਕੀਤਾ। ਪੰਜਾਬ ਭਵਨ 'ਚ ਡੇਢ ਘੰਟੇ ਚੱਲੀ ਬੈਠਕ ਦੌਰਾਨ ਮੇਅਰਾਂ ਨੇ ਆਪਣੇ ਅਧਿਕਾਰ ਅਤੇ ਪ੍ਰੋਟੋਕੋਲ ਤਕ ਦੇ ਮੁੱਦੇ ਉੁਠਾਏ। ਮੇਅਰਾਂ ਨੇ ਉਪ ਮੁੱਖ ਮੰਤਰੀ ਦੇ ਸਾਹਮਣੇ ਇਹ ਮੁੱਦਾ ਵੀ ਰੱਖਿਆ ਕਿ ਹਰ ਇਕ ਵਿਕਾਸ ਕਾਰਜ ਲਈ ਮੇਅਰ ਜ਼ਿੰਮੇਵਾਰ ਹੁੰਦਾ ਹੈ ਪਰ ਉਨ੍ਹਾਂ ਕੋਲ ਅਧਿਕਾਰ ਨਹੀਂ । ਅਧਿਕਾਰੀ ਸਿਰਫ਼ ਇਸ ਲਈ ਨਹੀਂ ਸੁਣਦੇ ਕਿ ਮੇਅਰ ਉਨ੍ਹਾਂ ਦੀ ਏਸੀਆਰ ਨਹੀਂ ਲਿਖ ਸਕਦੇ। ਇਸ ਲਈ ਗ੍ਰੇਡ ਏ ਅਧਿਕਾਰੀਆਂ ਲਈ ਏਸੀਆਰ ਲਿਖਣ ਦਾ ਅਧਿਕਾਰ ਵੀ ਮੇਅਰਾਂ ਨੂੰ ਦਿੱਤਾ ਜਾਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ਨੇ ਮੇਅਰਾਂ ਨੂੰ ਨਿਗਮ ਕਮਿਸ਼ਨਰ ਦੀ ਏਸੀਆਰ ਲਿਖਣ ਦਾ ਅਧਿਕਾਰ ਦਿੱਤਾ ਸੀ।
ਮੇਅਰਾਂ ਨੇ ਪਾਣੀ ਸਪਲਾਈ ਲਈ ਲੱਗੇ ਟਿਊਬਵੱੈਲਾਂ ਦੇ ਬਿਜਲੀ ਕੁਨੈਕਸ਼ਨ ਨੂੰ ਕਮਰਸ਼ੀਅਲ ਦਾਇਰੇ 'ਚ ਰੱਖਣ ਦਾ ਮੁੱਦਾ ਵੀ ਉਠਾਇਆ। ਮੇਅਰਾਂ ਨੇ ਕਿਹਾ ਕਿ ਨਿਗਮ ਪਾਣੀ ਸਪਲਾਈ ਕਰਕੇ ਲੋਕਾਂ ਨੂੰ ਇਕ ਸਹੂਲਤ ਦਿੰਦਾ ਹੈ ਜਦਕਿ ਬਿਜਲੀ ਬੋਰਡ ਉਨ੍ਹਾਂ ਤੋਂ ਕਮਰਸ਼ੀਅਲ ਦਾਇਰੇ 'ਚ ਬਿੱਲ ਵਸੂਲ ਕਰਦਾ ਹੈ। ਉਥੇ ਬਿਜਲੀ ਬੋਰਡ ਸ਼ਹਿਰਾਂ 'ਚ ਜਿਥੇ ਚਾਹੁਣ, ਉਥੇ ਖੰਭਾ ਲਗਾ ਦਿੰਦਾ ਹੈ। ਜਦੋਂ ਉਸ ਖੰਭੇ ਨੂੰ ਹਟਾਉਣ ਦੀ ਨੌਬਤ ਆਉਂਦੀ ਹੈ ਤਾਂ ਬੋਰਡ ਨਿਗਮ ਤੋਂ ਹਜ਼ਾਰਾਂ ਰੁਪਏ ਵਸੂਲ ਕਰਦਾ ਹੈ। ਇਸ 'ਤੇ ਸੁਖਬੀਰ ਨੇ ਹੁਕਮ ਦਿੱਤਾ ਕਿ ਛੇਤੀ ਹੀ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਮੇਅਰਾਂ ਦੀ ਬੈਠਕ ਕਰਵਾਈ ਜਾਏਗੀ ਤਾਂ ਜੋ ਇਨ੍ਹਾਂ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਇਸ ਦੇ ਇਲਾਵਾ ਮੇਅਰਾਂ ਨੇ ਫਰਵਰੀ 'ਚ ਖ਼ਤਮ ਹੋ ਰਹੀ ਗੈਰ ਕਾਲੋਨੀਆਂ ਦੇ ਰੈਗੂਲਰ ਕਰਨ ਦੀ ਯੋਜਨਾ ਨੂੰ ਹੋਰ ਅੱਗੇ ਵਧਾਉਣ ਲਈ ਵੀ ਕਿਹਾ। ਨਾਲ ਹੀ ਮੇਅਰਾਂ ਨੇ ਵਿਕਾਸ ਕਾਰਜਾਂ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਬਣੀਆਂ ਕਮੇਟੀਆਂ 'ਚ ਖ਼ੁਦ ਦੀ ਸ਼ਮੂਲੀਅਤ ਦਾ ਵੀ ਮੁੱਦਾ ਉਠਾਇਆ।
ਉਥੇ ਉਪ ਮੁੱਖ ਮੰਤਰੀ ਨੇ ਸ਼ਹਿਰੀ ਖੇਤਰਾਂ 'ਚ ਲਾਗੂ ਕੀਤੇ ਜਾ ਰਹੇ 4000 ਕਰੋੜ ਰੁਪਏ ਦੇ ਸ਼ਹਿਰੀ ਵਿਕਾਸ ਮਿਸ਼ਨ ਦੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਇਸ ਦੇ ਸਬੰਧ 'ਚ ਫੀਡਬੈਕ ਵੀ ਲਈ। ਨਾਲ ਹੀ ਉਨ੍ਹਾਂ ਨੇ ਮੇਅਰਾਂ ਨੂੰ ਹੁਕਮ ਦਿੱਤਾ ਕਿ ਐਲਈਡੀ ਸਟਰੀਟ ਲਾਈਟਾਂ ਲਗਾਏ ਜਾਣ ਦੇ ਇਲਾਵਾ ਸਾਰੇ ਪਾਣੀ ਸਪਲਾਈ ਅਤੇ ਸੀਵਰੇਜ ਪ੍ਰਾਜੈਕਟਾਂ ਨੂੰ ਸਮੇਂ 'ਤੇ ਅਤੇ ਗੁਣਵੱਤਾ ਨਾਲ ਪੂਰਾ ਕਰਨਾ ਯਕੀਨੀ ਬਣਾਉਣ। ਬਾਦਲ ਨੇ ਮੇਅਰਾਂ ਨੂੰ ਕਿਹਾ ਕਿ ਉਹ ਮੁੱਖ ਸੜਕਾਂ ਦੇ ਨਿਰਮਾਣ ਅਤੇ ਬਿਜਲੀ ਬਚਾਉਣ ਲਈ ਐਲਈਡੀ ਸਟਰੀਟ ਲਾਈਟ ਨੂੰ ਤਰਜੀਹ ਦੇਣ। ਬੈਠਕ 'ਚ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਮਨਵੇਸ਼ ਸਿੰਘ ਸਿੱਧੂ, ਮੇਅਰ ਸੁਨੀਲ ਜੋਤੀ (ਜਲੰਧਰ), ਬਖਸ਼ੀ ਰਾਮ ਅਰੋੜਾ (ਅੰਮਿ੍ਰਤਸਰ), ਹਰਚਰਨਸਿੰਘ ਗੋਹਲਵੜੀਆ (ਲੁਧਿਆਣਾ), ਅਮਰਿੰਦਰ ਬਜਾਜ (ਪਟਿਆਲਾ), ਅਨਿਲ ਵਾਸੂਦੇਵ (ਪਠਾਨਕੋਟ), ਅਕਸ਼ਿਤ ਜੈਨ (ਮੋਗਾ), ਕੁਲਵੰਤ ਸਿੰਘ (ਮੋਹਾਲੀ), ਬਲਵੰਤ ਰਾਏ (ਬਿਠੰਡਾ), ਅਰੁਣ ਖੋਸਲਾ (ਫਗਵਾੜਾ) ਅਤੇ ਸ਼ਿਵ ਸੂਦ (ਹੁਸ਼ਿਆਰਪੁਰ) ਵੀ ਮੌਜੂਦ ਰਹੇ।