ਸਟੇਟ ਬਿਊਰੋ, ਜੰਮੂ : ਜੰਮੂ-ਕਸ਼ਮੀਰ ਵਿਚ ਸਰਕਾਰ ਬਣਾਉਣ ਨੂੰ ਲੈ ਕੇ ਗੇਂਦ ਮੁੜ ਕੇਂਦਰ ਸਰਕਾਰ ਦੇ ਪਾਲੇ ਵਿਚ ਹੈ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਰਾਜਪਾਲ ਐਨਐਨ ਵੋਹਰਾ ਨਾਲ ਮੁਲਾਕਾਤ ਕਰਕੇ ਸ਼ਰਤ ਰੱਖੀ ਕਿ ਭਾਜਪਾ ਨਾਲ ਨਵੇਂ ਸਿਰਿਓਂ ਗੱਠਜੋੜ ਤਾਂ ਹੀ ਹੋਵੇਗਾ ਜੇਕਰ ਕੇਂਦਰ ਸਰਕਾਰ ਸੂਬੇ ਵਿਚ ਵਿਸ਼ਵਾਸ ਬਹਾਲ ਦੀ ਦਿਸ਼ਾ ਵਿਚ ਕਦਮ ਚੁੱਕੇ। ਮਹਿਬੂਬਾ ਨੇ ਕਿਹਾ ਹੈ ਕਿ ਇਹ ਕਾਰਵਾਈ ਭਾਜਪਾ ਵੱਲੋਂ ਨਹੀਂ ਬਲਕਿ ਕੇਂਦਰ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ। ਉਥੇ ਭਾਜਪਾ ਦੇ ਸੂਬਾਈ ਆਗੂਆਂ ਨੇ ਪੀਡੀਪੀ ਦੀ ਇਸ ਸ਼ਰਤ ਮਗਰੋਂ ਇਸ ਦਿਸ਼ਾ ਵਿਚ ਕਾਰਵਾਈ ਕਰਨ ਲਈ ਰਾਜਪਾਲ ਤੋਂ ਦਸਾਂ ਦਿਨਾਂ ਦਾ ਸਮਾਂ ਮੰਗਿਆ ਹੈ। ਨਾਲ ਹੀ ਇਹ ਵੀ ਸਪਸ਼ਟ ਕੀਤਾ ਹੈ ਕਿ ਕਾਰਵਾਈ ਗੱਠਜੋੜ ਦੇ ਏਜੰਡੇ ਮੁਤਾਬਕ ਹੀ ਹੋਵੇਗੀ।
ਰਾਜਪਾਲ ਐਨਐਨ ਵੋਹਰਾ ਨੇ ਪੀਡੀਪੀ-ਭਾਜਪਾ ਨੂੰ ਚਿੱਠੀ ਲਿਖ ਕੇ ਦੋ ਫਰਵਰੀ ਤਕ ਰਾਜਭਵਨ ਆ ਕੇ ਸਰਕਾਰ ਬਣਾਉਣ ਨੂੰ ਲੈ ਕੇ ਆਪਣੀ ਸਥਿਤੀ ਪੁਜ਼ੀਸ਼ਨ ਸਪਸ਼ਟ ਕਰਨ ਨੂੰ ਕਿਹਾ ਸੀ। ਸ਼ਾਮੀਂ ਸਾਢੇ ਚਾਰ ਵਜੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਤੇ ਐਮਪੀ ਮੁਜ਼ੱਫਰ ਹੁਸੈਨ ਬੇਗ਼ ਨੇ ਰਾਜਪਾਲ ਵੋਹਰਾ ਨਾਲ ਤਕਰੀਬਨ ਅੱਧਾ ਘੰਟਾ ਗੱਲਬਾਤ ਕੀਤੀ। ਇਸ ਮਗਰੋਂ ਸ਼ਾਮ ਛੇ ਵਜੇ ਭਾਜਪਾ ਦੇ ਸੂਬਾ ਪ੍ਰਧਾਨ ਸਤ ਸ਼ਰਮਾ, ਭਾਜਪਾ ਵਿਧਾਇਕ ਦਲ ਦੇ ਆਗੂ ਡਾ. ਨਿਰਮਲ ਸਿੰਘ ਤੇ ਐਮਪੀ ਜੁਗਲ ਕਿਸ਼ੋਰ ਸ਼ਰਮਾ ਵੀ ਰਾਜਪਾਲ ਨੂੰ ਮਿਲੇ।
ਮਹਿਬੂਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਰਾਜਪਾਲ ਨੂੰ ਪੁਜ਼ੀਸ਼ਨ ਸਪਸ਼ਟ ਕਰ ਦਿੱਤੀ ਹੈ। ਮੁਫ਼ਤੀ ਮੁਹੰਮਦ ਸਈਦ ਦੀ ਮੌਤ ਮਗਰੋਂ ਮੌਜੂਦਾ ਸੂਰਤੇਹਾਲ ਵਿਚ ਕੇਂਦਰ ਸਰਕਾਰ ਵੱਲੋਂ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਹੈ, ਜਿਸ ਨਾਲ ਚੰਗਾ ਮਾਹੌਲ ਬਣੇ। ਉਨ੍ਹਾਂ ਕਿਹਾ ਕਿ ਸਾਡੇ ਮਰਹੂਮ ਮੁਫ਼ਤੀ ਵਰਗਾ ਕੋਈ ਆਗੂ ਨਹੀਂ ਹੈ। ਭਾਜਪਾ ਨਾਲ ਸਾਡਾ ਗੱਠਜੋੜ ਹੈ ਪਰ ਮੁੜ ਸਰਕਾਰ ਬਣਾਉਣ ਲਈ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਪੂਰੇ ਜੰਮੂ-ਕਸ਼ਮੀਰ ਵਿਚ ਚੰਗਾ ਸੁਨੇਹਾ ਜਾਵੇ। ਇਹ ਕਦਮ ਕੀ ਹੋਣੇ ਚਾਹੀਦੇ ਹਨ, ਬਾਰੇ ਉਨ੍ਹਾਂ ਨਹੀਂ ਦੱਸਿਆ।