ਕਮੇਟੀ ਨੇ ਸਾਲਾਨਾ ਫੀਸ 90 ਹਜ਼ਾਰ ਰੁਪਏ ਤੋਂ ਵਧਾ ਕੇ ਤਿੰਨ ਲੱਖ ਰੁਪਏ ਕਰਨ ਲਈ ਕਿਹਾ
ਨਵੀਂ ਦਿੱਲੀ (ਪੀਟੀਆਈ) :
ਭਾਰਤੀ ਟੈਕਨਾਲੋਜੀ ਇੰਸਟੀਚਿਊਟ (ਆਈਆਈਟੀ) ਦੇ ਵਿੱਤੀ ਸਰੂਪ 'ਤੇ ਵਿਚਾਰ ਲਈ ਬਣਾਈ ਗਈ ਕਮੇਟੀ ਨੇ ਆਈਆਈਟੀ ਦੀ ਫੀਸ ਤਿੰਨ ਗੁਣਾ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਨੇ ਸਰਕਾਰ 'ਤੇ ਆਈਆਈਟੀ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਦੋ ਹਜ਼ਾਰ ਕਰੋੜ ਰੁਪਏ ਦਾ ਇਕ ਫੰਡ ਸ਼ੁਰੂ ਕਰਨ ਦਾ ਸੁਝਾਅ ਵੀ ਦਿੱਤਾ ਹੈ।
ਸੂਤਰਾਂ ਦੇ ਮੁਤਾਬਕ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੂੰ ਸੌਂਪੀ ਆਪਣੀ ਰਿਪੋਰਟ 'ਚ ਕਮੇਟੀ ਨੇ ਆਈਆਈਟੀ ਦੀ ਅੌਸਤ ਸਾਲਾਨਾ ਫੀਸ ਮੌਜੂਦਾ 90 ਹਜ਼ਾਰ ਰੁਪਏ ਤੋਂ ਵਧਾ ਕੇ ਕਰੀਬ ਤਿੰਨ ਲੱਖ ਰੁਪਏ ਕਰਨ ਦੀ ਸਿਫਾਰਸ਼ ਕੀਤੀ ਹੈ। ਕਮੇਟੀ 'ਚ ਵੱਖ-ਵੱਖ ਆਈਆਈਟੀ ਦੇ ਡਾਇਰੈਕਟਰ ਸ਼ਾਮਲ ਹਨ। ਕਮੇਟੀ ਨੇ ਨਾਨ ਬੈਂਕਿੰਗ ਵਿੱਤੀ ਕੰਪਨੀ (ਐਨਬੀਐਫਸੀ) ਦੇ ਤੌਰ 'ਤੇ ਦੋ ਹਜ਼ਾਰ ਕਰੋੜ ਰੁਪਏ ਦੇ ਫੰਡ ਨਿਰਮਾਣ ਦੀ ਸਿਫਾਰਸ਼ ਕੀਤੀ। ਇਸ ਵਿਚ ਸਰਕਾਰ ਅਤੇ ੇੇਨਿੱਜੀ ਖੇਤਰ ਦੋਨਾਂ ਦੀ ਹਿੱਸੇਦਾਰੀ ਹੋਵੇਗੀ। ਇਕ ਹਜ਼ਾਰ ਕਰੋੜ ਰੁਪਏ ਸਰਕਾਰ ਅਤੇ ਇਕ ਹਜ਼ਾਰ ਕਰੋੜ ਰੁਪਏ ਕਾਰਪੋਰੇਟ ਜਗਤ ਤੋਂ ਲੈਣ ਦੀ ਗੱਲ ਕਹੀ ਗਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਸਰਕਾਰੀ ਫੰਡਿੰਗ ਦੀ ਨਿਰਭਰਤਾ ਘੱਟ ਹੋਵੇਗੀ ਅਤੇ ਇਨ੍ਹਾਂ ਅਦਾਰਿਆਂ ਨੂੰ ਖੁਦਮੁਖਤਾਰੀ ਮਿਲਣ 'ਚ ਮਦਦ ਮਿਲੇਗੀ।