ਪੱਤਰ ਪ੍ਰੇਰਕ, ਜਲੰਧਰ : ਮੁਸਲਿਮ ਕਾਲੋਨੀ ਨੇੜੇ ਗਾਂਧੀ ਨਗਰ 'ਚ ਬੀਤੀ ਰਾਤ ਚੋਰਾਂ ਨੇ ਇਕ ਜਿਉਲਰੀ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਸ਼ੋਅਰੂਮ ਮਾਲਕ ਨੇ ਦਿਖਾਵੇ ਲਈ ਡਮੀ ਸੀਸੀਟੀਵੀ ਕੈਮਰੇ ਲਗਾਏ ਸੀ ਪਰ ਚੋਰਾਂ ਨੇ ਬੇਖ਼ੋਫ ਹੋ ਕੇ ਦੁਕਾਨ ਅੰਦਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਦੁਕਾਨ ਅੰਦਰ ਲਿਖਿਆ ਵੀ ਹੋਇਆ ਸੀ ਕਿ 'ਆਪ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਮੇਂ ਹੈਂ', ਜਿਸ ਤਰ੍ਹਾਂ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਨੂੰ ਛੇੜਿਆ ਨਹੀਂ ਉਸ ਤੋਂ ਲਗ ਰਿਹਾ ਸੀ ਕਿ ਚੋਰਾਂ ਨੂੰ ਪਤਾ ਸੀ ਕਿ ਅੰਦਰ ਕੈਮਰੇ ਨਹੀਂ ਹਨ। ਚੋਰ ਇੰਨੀ ਸ਼ਾਤਰ ਸੀ ਕਿ ਉਨ੍ਹਾਂ ਦੁਕਾਨ ਦੇ ਨਾਲ ਲਗਦੇ 6 ਘਰਾਂ ਦੇ ਗੇਟਾਂ 'ਤੇ ਰੱਸੀ ਬੰਨ੍ਹ ਦਿੱਤੀ ਤਾਂਕਿ ਆਵਾਜ਼ ਸੁਣ ਕੇ ਕੋਈ ਬਾਹਰ ਨਾ ਆ ਸਕੇ। ਥਾਣਾ-8 ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੈਮਲ ਨਗਰ ਵਾਸੀ ਸ਼ੋਅਰੂਮ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੀ ਦੁਕਾਨ ਨੇੜੇ ਰਹਿਣ ਵਾਲੇ ਲੋਕਾਂ ਦਾ ਫੋਨ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਉਹ ਮੌਕੇ 'ਤੇ ਪੁੱਜੇ ਤਾਂ ਵੇਖਿਆ ਸ਼ਟਰ ਚੁੱਕਿਆ ਹੋਇਆ ਸੀ। ਅੰਦਰ ਵੇਖਿਆ ਤਾਂ ਪਤਾ ਲੱਗਾ ਚੋਰ ਗੱਲੇ 'ਚੋਂ 35 ਹਜ਼ਾਰ ਰੁਪਏ ਦੀ ਨਕਦੀ, ਲਗਪਗ 6 ਕਿਲੋ ਚਾਂਦੀ ਸਮੇਤ ਸੋਨੇ ਦੇ ਗਹਿਣੇ ਵਾਲੇ ਡੱਬੇ ਲੈ ਗਏ ਹਨ। ਪੁਲਸ ਨੇ ਜਾਂਚ ਕੀਤੀ ਤਾਂ ਨਾਲ ਵਾਲੇ ਪਲਾਟ 'ਚੋਂ ਸੋਨੇ ਦੇ ਗਹਿਣਿਆਂ ਦੇ 6 ਡੱਬੇ ਮਿਲੇ। ਚੋਰਾਂ ਨੇ ਨਾਲ ਵਾਲੇ ਘਰਾਂ ਦੇ ਗੇਟਾਂ 'ਤੇ ਰੱਸੀਆਂ ਬੰਨ੍ਹ ਦਿੱਤੀਆਂ ਤਾਂਕਿ ਰੋਲਾ ਪੈਣ 'ਤੇ ਕੋਈ ਬਾਹਰ ਨਾ ਨਿਕਲ ਸਕੇ। ਸਵੇਰੇ ਲੋਕਾਂ ਨੇ ਆਪਣੇ ਗੇਟ ਨਾ ਖੁੱਲ੍ਹ ਸਕਣ ਕਾਰਨ ਗੁਆਂਢੀਆਂ ਨੂੰ ਫੋਨ ਕੀਤਾ। ਪਰ ਬਾਕੀ ਘਰਾਂ 'ਤੇ ਵੀ ਰੱਸੀਆਂ ਬੰਨ੍ਹੀਆਂ ਹੋਣ ਕਾਰਨ ਸਾਰੇ ਬੇਵਸ ਨਜ਼ਰ ਆਏ। ਬਾਅਦ 'ਚ ਰਾਹਗੀਰਾਂ ਨੇ ਰੱਸੀਆਂ ਖੋਲ੍ਹ ਕੇ ਪੁਲਸ ਨੂੰ ਸੂਚਿਤ ਕੀਤਾ।
- ਘਰ ਬਾਹਰੋਂ ਐਕਟਿਵਾ ਚੋਰੀ, ਸੀਸੀਟੀਵੀ 'ਚ ਵਾਰਦਾਤ ਕੈਦ
ਜਲੰਧਰ : ਨਿਊ ਰੇਲਵੇ ਰੋਡ ਦੇ ਨਾਲ ਲਗਦੇ ਮੁਹੱਲਾ ਇੰਦਰਪ੍ਰਸਥ 'ਚ ਸਥਿਤ ਇਕ ਘਰ ਬਾਹਰੋਂ ਚੋਰ ਐਕਟਿਵਾ ਚੋਰੀ ਕਰਕੇ ਲੈ ਗਏ। ਚੋਰਾਂ ਦੀ ਕਰਤੂਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਐਕਟਿਵਾ ਮਾਲਕ ਰਮੇਸ਼ ਦੱਤ ਨੇ ਦੱਸਿਆ ਉਹ ਪਰਿਵਾਰ ਸਮੇਤ ਵਿਆਹ ਸਮਾਗਮ 'ਚ ਗਏ ਸੀ। ਵਾਪਸ ਆਏ ਤਾਂ ਵੇਖਿਆ ਐਕਟਿਵਾ ਗ਼ਾਇਬ ਹੈ। ਉਨ੍ਹਾਂ ਸੀਸੀਟੀਵੀ ਕੈਮਰੇ 'ਚ ਵੇਖਿਆ ਤਾਂ ਦੋ ਚੋਰ ਰਾਤ ਲਗਪਗ 11 ਵਜੇ ਐਕਟਿਵਾ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।