ਗੁਹਾਟੀ (ਏਜੰਸੀ) : ਭਾਰਤ ਨੂੰ ਸ਼ੁੱਕਰਵਾਰ ਨੂੰ ਸੈਗ ਖੇਡਾਂ ਦੇ ਮਰਦਾਂ ਦੇ ਹਾਕੀ ਮੁੁਕਾਬਲੇ ਦੇ ਫਾਈਨਲ ਵਿਚ ਪਾਕਿਸਤਾਨ ਹੱਥੋਂ 0-1 ਨਾਲ ਮਾਤ ਸਹਿਣੀ ਪਈ। ਇਸ ਨਾਲ ਉਸ ਨੂੰ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ। ਅਵੇਸੁਰ ਰਹਿਮਾਨ ਨੇ ਪਹਿਲੇ ਹਾਫ ਦੇ ਆਖ਼ਰੀ ਸਮੇਂ 'ਚ ਇੱਕੋ-ਇਕ ਗੋਲ ਕਰ ਕੇ ਪਾਕਿਸਤਾਨ ਨੂੰ ਲਗਾਤਾਰ ਤੀਜੀ ਵਾਰ ਇਨ੍ਹਾਂ ਖੇਡਾਂ ਦਾ ਗੋਲਡ ਮੈਡਲ ਦਿਵਾਇਆ। ਪੂਰੇ ਮੈਚ ਵਿਚ ਪਾਕਿ ਖਿਡਾਰੀਆਂ ਨੇ ਆਪਣਾ ਦਬਦਬਾ ਬਣਾਈ ਰੱਖਿਆ। ਭਾਰਤੀ ਖਿਡਾਰੀਆਂ ਨੇ ਗੋਲ ਕਰਨ ਦੇ ਬਹੁਤ ਘੱਟ ਮੌਕੇ ਬਣਾਏ। ਪਾਕਿਸਤਾਨ ਨੇ 2006 ਅਤੇ 2010 ਦੀਆਂ ਖੇਡਾਂ ਵਿਚ ਵੀ ਭਾਰਤ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਲੀਗ ਮੈਚ ਵਿਚ ਵੀ ਪਾਕਿਸਤਾਨ ਨੇ ਭਾਰਤ ਨੂੰ 2-1 ਨਾਲ ਮਾਤ ਦਿੱਤੀ ਸੀ। ਪਹਿਲੇ ਹਾਫ ਵਿਚ ਪਾਕਿਸਤਾਨ ਖਿਡਾਰੀਆਂ ਨੇ ਗੇਂਦ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਰੱਖੀ। ਇਸ ਦਾ ਫ਼ਾਇਦਾ ਵੀ ਉਨ੍ਹਾਂ ਨੂੰ 1-0 ਦੀ ਲੀਡ ਬਣਾ ਕੇ ਮਿਲਿਆ। ਭਾਰਤੀ ਖਿਡਾਰੀਆਂ ਨੇ ਬਰਾਬਰੀ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਵਿਰੋਧੀ ਖਿਡਾਰੀਆਂ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
↧