ਪੱਤਰ ਪ੍ਰੇਰਕ, ਫਿਲੌਰ : ਬੁੱਧਵਾਰ ਸਵੇਰੇ ਸ਼ਹਿਰ 'ਚ ਕੁਝ ਲੋਕਾਂ ਨੇ ਦੋ ਗਾਵਾਂ ਦੀ ਹੱਤਿਆ ਤੇ ਤਿੰਨ ਨੂੰ ਜ਼ਖ਼ਮੀ ਕਰ ਦਿੱਤਾ। ਗਾਵਾਂ ਦੀ ਹੱਤਿਆ ਦੇ ਬਾਅਦ ਇਲਾਕੇ 'ਚ ਲੋਕਾਂ ਦਾ ਰੋਸ ਫੈਲ ਗਿਆ ਤੇ ਤਨਾਅ ਪੈਦਾ ਹੋ ਗਿਆ।
ਜਾਣਕਾਰੀ ਦਿੰਦੇ ਭਗਵਾਨ ਸਿੰਘ ਤੇ ਉਸ ਦੇ ਪੁੱਤਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੇ ਘਰ ਸੁੱਤੇ ਪਏ ਸੀ ਕਿ ਅਚਾਨਕ ਰਾਤ 2 ਵਜੇ ਉਨ੍ਹਾਂ ਨੂੰ ਗਾਵਾਂ ਦੇ ਰੋਲਾ ਪਾਉਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਉਠ ਕੇ ਬਾਹਰ ਆਏ ਤਾਂ ਵੇਖਿਆ ਕਿ ਕਿਸੇ ਨੇ ਉਨ੍ਹਾਂ ਦੀਆਂ ਪੰਜ ਗਾਵਾਂ ਨੂੰ ਤੇਜ਼ਾਬ ਪਾ ਕੇ ਸਾੜ ਦਿੱਤਾ। ਜਦੋਂ ਉਹ ਭੱਜ ਕੇ ਬਾਹਰ ਆਏ ਤਾਂ ਵੇਖਿਆ ਕਿ ਗੁਰਮੀਤ ਸਿੰਘ ਤੇ ਉਨ੍ਹਾਂ ਨਾਲ ਕੁਝ ਹੋਰ ਲੋਕ ਅੱਗ ਲਗਾ ਰਹੇ ਸੀ। ਉਨ੍ਹਾਂ ਨੂੰ ਵੇਖ ਕੇ ਸਾਰੇ ਫ਼ਰਾਰ ਹੋ ਗਏ।
ਉਨ੍ਹਾਂ ਤੁਰੰਤ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਕਾਰਨ ਉਨ੍ਹਾਂ ਦੀ ਇਕ ਗਾਂ ਤੇ ਉਸ ਦੀ ਦੋ ਸਾਲ ਦੀ ਵੱਛੀ ਸੜ ਕੇ ਸੁਆਹ ਹੋ ਗਏ ਤੇ ਬਾਕੀ ਤਿੰਨ ਗਾਵਾਂ ਝੁਲਸ ਗਈਆਂ ਤੇ ਉਨ੍ਹਾਂ ਦੀਆਂ ਅੱਖਾਂ ਬੁਰੀ ਤਰ੍ਹਾਂ ਸੜ ਗਈਆਂ।
ਇਹ ਖ਼ਬਰ ਜਿਵੇਂ ਹੀ ਸ਼ਹਿਰ 'ਚ ਫੈਲੀ ਤਾਂ ਲੋਕਾਂ 'ਚ ਗੁੱਸੇ ਦੀ ਲਹਿਰ ਦੌੜ ਗਈ। ਲੋਕ ਵਾਰਦਾਤ ਵਾਲੀ ਥਾਂ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਡਾਕਟਰਾਂ ਦੀ ਟੀਮ ਨੇ ਮੌਕੇ 'ਤੇ ਜ਼ਖ਼ਮੀ ਗਾਵਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਐਸਐਚਓ ਫਿਲੌਰ ਨੇ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਭਗਵਾਨ ਸਿੰਘ ਤੇ ਗੁਰਮੀਤ ਸਿੰਘ ਵਿਚਾਲੇ ਕਿਸੇ ਗੱਲ ਕਾਰਨ ਝਗੜਾ ਹੋਇਆ ਸੀ, ਜਿਸ ਦੇ ਬਾਅਦ ਦੋਵਾਂ 'ਚ ਰਾਜ਼ੀਨਾਮਾ ਹੋ ਗਿਆ ਸੀ। ਪਰ ਰਾਤ ਨੂੰ ਉਕਤ ਵਾਰਦਾਤ ਹੋ ਗਈ। ਉਨ੍ਹਾਂ ਦੱਸਿਆ ਇਸ ਮਾਮਲੇ ਸਬੰਧੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਇਕ ਹਾਲੇ ਫ਼ਰਾਰ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਿਵ ਸੈਨਾ ਪੰਜਾਬ ਦੇ ਵਾਈਸ ਪ੍ਰਧਾਨ ਰਜਿੰਦਰ ਬਿੱਲਾ ਨੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਅਜਿਹੇ ਹਾਦਸਿਆਂ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਦੇ ਪ੍ਰਧਾਨ ਤੇ ਸਮਾਜ ਸੇਵਕ ਬਿੱਟੂ ਮਦਾਨ ਨੇ ਨਿਖੇਧੀ ਕੀਤੀ। ਗਊ ਸੇਵਕ ਅਤੁਲ ਜੋਸ਼ੀ ਨੇ ਇਸ ਘਟਨਾ ਦਾ ਵਿਰੋਧ ਪ੍ਰਗਟਾਉਂਦਿਆਂ ਕਿਹਾ ਕਿ ਗਾਵਾਂ ਦੀ ਸੁਰੱਖਿਆ ਲਈ ਸਰਕਾਰਾਂ ਤਰ੍ਹਾਂ-ਤਰ੍ਹਾਂ ਦੇ ਕਾਨੂੰਨ ਬਣਾ ਰਹੀਆਂ ਹਨ ਪਰ ਇਨ੍ਹਾਂ 'ਤੇ ਸਹੀ ਤਰੀਕੇ ਨਾਲ ਅਮਲ ਨਹੀਂ ਕੀਤਾ ਜਾ ਰਿਹਾ ਹੈ। ਨਤੀਜਾ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਉਨ੍ਹਾਂ ਕਿਹਾ ਸੂਬਾ ਸਰਕਾਰ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ, ਜਿਸ ਦਾ ਨਤੀਜਾ ਆਉਣ ਵਾਲੀਆਂ ਚੋਣਾਂ 'ਚ ਭੁਗਤਨਾ ਪਵੇਗਾ। ਇਸ ਸਬੰਧੀ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦਰਜ ਕਰਵਾਈ ਜਾਵੇਗੀ।