ਮੁੰਬਈ (ਏਜੰਸੀ) : ਪੁਨੇਰੀ ਪਲਟਨ ਨੇ ਬੁੱਧਵਾਰ ਨੂੰ ਬੰਗਾਲ ਵਾਰੀਅਰਜ਼ ਨੂੰ 43-19 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਪੁਆਇੰਟ ਟੇਬਲ ਵਿਚ ਤੀਜਾ ਸਥਾਨ ਹਾਸਲ ਕਰ ਲਿਆ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿਚ ਥਾਂ ਬਣਾ ਚੁੱਕੀਆਂ ਹਨ। ਇਕ ਹੋਰ ਮੈਚ ਵਿਚ ਯੂ ਮੁੰਬਾ ਨੇ ਦਬੰਗ ਦਿੱਲੀ ਨੂੰ 36-20 ਨਾਲ ਹਰਾਇਆ। ਪਲਟਨ ਨੇ ਪਹਿਲੇ ਮਿੰਟ ਤੋਂ ਹੀ ਵਾਰੀਅਰਜ਼ 'ਤੇ ਦਬਾਅ ਬਣਾ ਲਿਆ। ਟੀਮ ਨੇ ਸੱਤਵੀਂ ਜਿੱਤ ਦਰਜ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਪਲਟਨ ਦੇ 48 ਅੰਕ ਹਨ ਜਦਕਿ ਵਾਰੀਅਰਜ਼ 47 ਅੰਕ ਨਾਲ ਚੌਥੇ ਸਥਾਨ 'ਤੇ ਹੈ। ਹਾਫ ਟਾਈਮ ਤਕ ਪੁਨੇਰੀ ਨੇ 20-18 ਦੇ ਸਕੋਰ ਨਾਲ ਬੜ੍ਹਤ ਬਣਾਈ ਹੋਈ ਸੀ। ਦੂਜੇ ਹਾਫ ਵਿਚ ਦੀਪਕ ਹੁਡਾ ਦੀ ਅਗਵਾਈ ਵਿਚ ਪੁਨੇਰੀ ਨੇ ਇਕ ਬੋਨਸ ਅੰਕ ਸਮੇਤ 13 ਅੰਕ ਹਾਸਲ ਕੀਤੇ। ਤੁਸ਼ਾਰ ਪਾਟਿਲ ਨੇ ਚਾਰ ਅਤੇ ਨਿਲੇਸ਼ ਸਲੁੰਖੇ ਨੇ ਪੰਜ ਅੰਕ ਬਣਾਏ। ਡਿਫੈਂਸ ਵਿਚ ਸੁਰਜੀਤ ਨੇ ਜੇਤੂ ਟੀਮ ਲਈ ਸੱਤ ਅੰਕ ਬਣਾਏ। ਬੰਗਾਲ ਵੱਲੋਂ ਮਹਿੰਦਰ ਰਾਜਪੂਤ ਨੇ ਛੇ ਅਤੇ ਕੇਦਾਰ ਸ਼ਰਮਾ ਨੇ ਤਿੰਨ ਰੇਡ ਪੁਆਇੰਟ ਹਾਸਲ ਕੀਤੇ।
↧