ਸਟੇਟ ਬਿਊਰੋ, ਨਵੀਂ ਦਿੱਲੀ : ਜੇਐਨਯੂ ਮਾਮਲੇ ਦੀ ਜਾਂਚ ਕਰ ਰਹੇ ਮੈਜਿਸਟ੫ੇਟ ਨੇ ਦਿੱਲੀ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਵਿਚ ਵਿਦਿਆਰਥੀ ਫੈਡਰੇਸ਼ਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਕਲੀਨਚਿਟ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਨ੍ਹਈਆ ਦੇ ਖਿਲਾਫ ਦੇਸ਼ਵਿਰੋਧੀ ਨਾਅਰੇ ਲਾਉਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਨਵੀਂ ਦਿੱਲੀ ਜ਼ਿਲੇ ਦੇ ਮੈਜਿਸਟ੫ੇਟ ਸੰਜੈ ਕੁਮਾਰ ਨੇ ਦਿੱਲੀ ਸਰਕਾਰ ਨੂੰ ਜੋ ਜਾਂਚ ਰਿਪੋਰਟ ਸੌਂਪੀ ਹੈ ਉਸਦੇ ਮੁਤਾਬਕ ਯੂਨੀਵਰਸਿਟੀ ਕੰਪਲੈਕਸ 'ਚ ਦੇਸ਼ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਕੁਝ ਚਿਹਰਿਆਂ ਦੀ ਪਛਾਣ ਵੀ ਕਰ ਚੁੱਕਾ ਹੈ ਜਿਨ੍ਹਾਂ ਨੂੰ ਸਾਫ ਤੌਰ ਤੇ ਨਾਅਰੇ ਲਾਉਂਦਿਆਂ ਵੇਖਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਿਹਰੇ ਢਕੀ ਕਸ਼ਮੀਰੀ ਮੂਲ ਦੇ ਕਈ ਬਾਹਰੀ ਲੋਕਾਂ ਨੂੰ ਵੀਡੀਓ 'ਚ ਭਾਰਤ ਵਿਰੋਧੀ ਤੇ ਅਫਜ਼ਲ ਗੁਰੂ ਦੇ ਸਮਰਥਨ ਵਿਚ ਨਾਅਰੇਬਾਜੀ ਕਰਦਿਆਂ ਵੇਖਿਆ ਗਿਆ ਹੈ। ਉਨ੍ਹਾਂ ਦੀ ਪਛਾਣ ਉਥੇ ਮੌਜੂਦ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਕੀਤੀ ਹੈ। ਅਜਿਹੇ ਲੋਕਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਰਿਪੋਰਟ ਮੁਤਾਬਕ ਅਫਜ਼ਲ ਗੁਰੂ ਦੀ ਫਾਂਸੀ ਦੇ ਵਿਰੋਧ ਵਿਚ 9 ਫਰਵਰੀ ਨੂੰ ਹੋਏ ਇਕ ਪ੍ਰੋਗਰਾਮ ਦੇ ਸੱਤ ਵੀਡੀਓ ਹੈਦਰਾਬਾਦ ਦੀ ਫੋਰੈਂਸਿਕ ਲੈਬ ਵਿਚ ਭੇਜੇ ਗਏ ਸਨ। ਉਨ੍ਹਾਂ ਵਿਚੋਂ ਤਿੰਨ ਨਾਲ ਛੇੜਛਾੜ ਕੀਤੀ ਗਈ ਸੀ। ਇਨ੍ਹਾਂ ਵਿਚ ਇਕ ਨਿਊਜ਼ ਚੈਨਲ ਦੀ ਕਲੀਪਿੰਗ ਵੀ ਹੈ।