ਜੇਐਨਐਨ, ਜਲੰਧਰ : ਦੋਮੋਰੀਆ ਪੁਲ ਦੇ ਨਜ਼ਦੀਕ ਸਥਿਤ ਗੁਰੂ ਰਵਿਦਾਸ ਸਕੂਲ ਤੋਂ ਪੈਦਲ ਘਰ ਜਾ ਰਹੀ 9ਵੀਂ ਦੀ ਵਿਦਿਆਰਥਣ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਹੋ ਗਈ, ਜਿਸਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਜੀਤ ਨਗਰ ਵਾਸੀ ਗੁਰਚਰਨ ਸਿੰਘ ਦੀ ਪੁੱਤਰੀ ਸਿਮਰਨਦੀਪ ਕੌਰ ਗੁਰੂ ਰਵਿਦਾਸ ਸਕੂਲ 'ਚ 9ਵੀਂ ਦੀ ਵਿਦਿਆਰਥਣ ਹੈ। ਸ਼ੁੱਕਰਵਾਰ ਦੁਪਹਿਰ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਉਹ ਘਰ ਪੈਦਲ ਜਾਣ ਲਈ ਨਿਕਲੀ ਸੀ। ਉਸੇ ਵੇਲੇ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗਣ ਨਾਲ ਜ਼ਖ਼ਮੀ ਹੋ ਗਈ। ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਪੁਲਸ ਨੂੰ ਇਸ ਮਾਮਲੇ 'ਚ ਸੂਚਨਾ ਦਿੱਤੀ ਤੇ ਮੌਕੇ 'ਤੇ ਪਹੁੰਚੀ ਥਾਣਾ ਤਿੰਨ ਦੀ ਪੁਲਸ ਨੇ ਮੋਟਰਸਾਈਕਲ ਸਵਾਰ ਨੂੰ ਹਿਰਾਸਤ 'ਚ ਲਿਆ। ਉਧਰ, ਇਸ ਮਾਮਲੇ 'ਚ ਸਿਵਲ ਹਸਪਤਾਲ ਦੇ ਡਾਕਟਰ ਸੁਰਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਜ਼ਖ਼ਮੀ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਤਿੰਨ ਦੀ ਪੁਲਸ ਦਾ ਕਹਿਣਾ ਹੈ ਕਿ ਪੁਲਸ ਜਾਂਚ ਕਰ ਰਹੀ ਹੈ। ਸ਼ਿਕਾਇਤ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
↧