ਮਨਦੀਪ ਸ਼ਰਮਾ, ਜਲੰਧਰ : ਈਐਸਆਈ ਡਿਸਪੈਂਸਰੀ-2 ਵੱਲੋਂ ਬੀਐਸਐਫ ਚੌਕ ਨੇੜੇ ਕਾਰ ਕੇਅਰਜ਼ ਵਰਕਸ਼ਾਪ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਪਗ 70 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦੰਦਾਂ ਦੇ ਰੋਗਾਂ, ਲਾਗ ਵਾਲੇ ਰੋਗਾਂ ਦੇ ਇਲਾਵਾ ਜਨਰਲ ਰੋਗਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ। ਮਰੀਜ਼ਾਂ ਦੀ ਜਾਂਚ ਡਾ. ਜਸਵਿੰਦਰ ਸਿੰਘ ਮਾਹਲ, ਡਾ. ਕਮਲਦੀਪ ਕੌਰ ਦੰਦਾਂ ਦੇ ਰੋਗਾਂ ਦੇ ਮਾਹਰ, ਡਾ. ਸੀਮਾ ਸੰਧੂ ਨੇ ਕੀਤੀ।
ਇਸ ਮੌਕੇ ਡਾ. ਜਸਵਿੰਦਰ ਸਿੰਘ ਮਾਹਲ ਨੇ ਦੱਸਿਆ ਇਨਸਾਨ ਸਾਰਾ ਦਿਨ ਕੰਮ ਕਰਦਾ ਰਹਿੰਦਾ ਹੈ ਤੇ ਆਪਣੇ ਸਰੀਰ ਵੱਲ ਧਿਆਨ ਦੇਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੈ, ਜਦੋਂ ਰੋਗ ਵੱਧ ਜਾਂਦਾ ਹੈ ਤਾਂ ਪਰੇਸ਼ਾਨੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਲਈ ਰੋਗ ਵੱਧਣ ਤੋਂ ਪਹਿਲਾਂ ਹੀ ਇਸ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਿਹਤਮੰਦ ਸਰੀਰ ਦਾ ਹੋਣਾ ਜ਼ਰੂਰੀ ਹੈ।
ਡਾ. ਮਾਹਲ ਨੇ ਦੱਸਿਆ ਉਕਤ ਕੈਂਪ ਈਐਸਆਈ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜੀਐਸ ਪਵਾਰ ਦੀ ਦੇਖਰੇਖ ਹੇਠ ਲਗਾਇਆ ਗਿਆ। ਇਸ ਦੌਰਾਨ ਮਰੀਜ਼ਾਂ ਨੂੰ ਦੰਦਾਂ ਦੇ ਰੋਗਾਂ ਦੇ ਇਲਾਜ ਦੇ ਨਾਲ-ਨਾਲ ਰੋਗਾਂ ਤੋਂ ਬਚਾਅ ਦੇ ਤਰੀਕੇ ਦੱਸੇ ਗਏ। ਇਸ ਮੌਕੇ ਕਿਰਨ ਵਾਲੀਆ ਤੇ ਕੁਲਦੀਪ ਨੇ ਵੀ ਸਹਿਯੋਗ ਕੀਤਾ। ਉਨ੍ਹਾਂ ਦੱਸਿਆ ਜਿਨ੍ਹਾਂ ਮਰੀਜ਼ਾਂ ਦੀ ਜ਼ਿਆਦਾ ਦਿੱਕਤ ਸੀ, ਉਨ੍ਹਾਂ ਨੂੰ ਈਐਸਆਈ ਹਸਪਤਾਲ ਇਲਾਜ ਲਈ ਰੈਫਰ ਕਰ ਦਿੱਤਾ ਗਿਆ।