ਜੇਐਨਐਨ, ਜਲੰਧਰ : ਜ਼ਿਲ੍ਹੇ ਦੀ ਸੁਰੱਖਿਆ ਲਈ ਤੀਜੀ ਅੱਖ ਰੱਖਣ ਦਾ ਦਾਅਵਾ ਕਰਨ ਵਾਲੀ ਕਮਿਸ਼ਨਰੇਟ ਪੁਲਸ ਦੀਆਂ ਪਹਿਲੀਆਂ ਦੋ ਅੱਖਾਂ ਹੀ ਕਮਜ਼ੋਰ ਸਾਬਤ ਹੋਈਆਂ ਹਨ। ਐਤਵਾਰ ਨੂੰ ਪੁਲਸ ਲਾਈਨ 'ਚ ਲੱਗੇ ਮੈਡੀਕਲ ਕੈਂਪ 'ਚ ਇਹ ਗੱਲ ਸਾਬਤ ਹੋ ਗਈ ਹੈ। ਵਿਭਾਗ ਦੇ 250 ਪੁਲਸ ਮੁਲਾਜ਼ਮਾਂ (ਮਹਿਲਾ ਤੇ ਪੁਰਸ਼) ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਤਾਂ 175 ਮੁਲਾਜ਼ਮਾਂ ਦੀਆਂ ਅੱਖਾਂ ਕਮਜ਼ੋਰ ਨਿਕਲੀਆਂ। ਉੱਥੇ ਹੀ 5 ਮੁਲਾਜ਼ਮਾਂ ਨੂੰ ਚਿੱਟੇ ਮੋਤੀਆ ਦੀ ਵੀ ਪੁਸ਼ਟੀ ਹੋਈ ਹੈ। ਹੈਰਾਨੀਜਨਕ ਤੱਥ ਤਾਂ ਇਹ ਰਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਨਿਗ੍ਹਾ ਕਮਜ਼ੋਰ ਸੀ, ਉਨ੍ਹਾਂ ਦੀ ਉਮਰ 35 ਸਾਲ ਤੋਂ ਵੱਧ ਹੈ। ਇਸ ਉਮਰ 'ਚ ਨਿਗ੍ਹਾ ਕਮਜ਼ੋਰ ਹੋਣ ਦੀ ਸਮੱਸਿਆ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜ਼ਿਆਦਾ ਉਮਰ ਦੇ ਪੁਲਸ ਮੁਲਾਜ਼ਮ ਹੋਰ ਵੀ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਐਤਵਾਰ ਨੂੰ ਜਲੰਧਰ ਵੈਲਫੇਅਰ ਸੁਸਾਇਟੀ ਤੇ ਥਿੰਦ ਆਈ ਹਸਪਤਾਲ ਵੱਲੋਂ ਪੁਲਸ ਲਾਈਨ 'ਚ ਅੱਖਾਂ ਦੀ ਜਾਂਚ ਲਈ ਮੈਡੀਕਲ ਕੈਂਪ ਲਗਾਇਆ ਗਿਆ। ਡਾ. ਜੇਐਸ ਥਿੰਦ ਦੀ ਅਗਵਾਈ 'ਚ ਡਾ. ਸੌਰਭ ਮਿੱਤਲ ਦੀ ਟੀਮ ਦੀ ਜਾਂਚ 'ਚ 70 ਫੀਸਦੀ ਜਵਾਨਾਂ ਦੀ ਨਜ਼ਰ ਕਮਜ਼ੋਰ ਪਾਈ ਗਈ। ਜ਼ਿਆਦਾਤਰ ਸਮੇਂ ਉਨੀਂਦਰਾ, ਤਣਾਅ ਤੇ ਪ੍ਰਦੂਸ਼ਣ ਕਾਰਨ ਡਿਊਟੀ ਮੁਲਾਜ਼ਮਾਂ ਦੀ ਨਿਗ੍ਹਾ ਕਮਜ਼ੋਰ ਹੋ ਰਹੀ ਹੈ। ਟ੫ੈਫਿਕ ਡਿਊਟੀ ਕਰਨ ਵਾਲਿਆਂ ਨੂੰ ਵੱਧ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਮੈਡੀਕਲ ਕੈਂਪ ਦੇ ਉਦਘਾਟਨ ਸਮਾਗਮ ਮੌਕੇ ਡੀਸੀਪੀ ਸੰਦੀਪ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਜਵਾਨਾਂ ਨੂੰ ਡਿਊਟੀ ਪ੍ਰਤੀ ਵਫ਼ਾਦਾਰੀ ਦੇ ਨਾਲ ਸਿਹਤ ਪ੍ਰਤੀ ਵੀ ਸੁਚੇਤ ਰਹਿਣ ਦੀ ਗੱਲ ਕਹੀ। ਉਨ੍ਹਾਂ ਮਹਿਲਾ ਤੇ ਪੁਰਸ਼ ਮੁਲਾਜ਼ਮਾਂ ਨੂੰ ਤਣਾਅ ਮੁਕਤ ਰਹਿਣ ਲਈ ਮੈਡੀਟੇਸ਼ਨ ਤੇ ਕਸਰਤ ਨੂੰ ਖਾਸ ਅਹਿਮੀਅਤ ਦੇਣ ਦੀ ਗੱਲ ਕਹੀ।
ਪ੍ਰਦੂਸ਼ਣ ਤੇ ਵੱਧਦੀ ਉਮਰ ਨੇ ਕੀਤੀ ਨਜ਼ਰ ਕਮਜ਼ੋਰ
ਥਿੰਦ ਆਈ ਹਸਪਤਾਲ ਦੇ ਚੇਅਰਮੈਨ ਡਾ. ਜੇਐਸ ਥਿੰਦ ਨੇ ਦੱਸਿਆ ਕਿ ਪ੍ਰਦੂਸ਼ਣ ਭਰੇ ਵਾਤਾਵਰਣ 'ਚ ਸਖਤ ਡਿਊਟੀ ਦੇਣ ਕਾਰਨ ਐਲਰਜੀ ਤੇ ਗਰਮੀ-ਸਰਦੀ ਦੀ ਮਾਰ ਨਾਲ ਅੱਖਾਂ ਦਾ ਯੋਨੀਆ ਕਮਜ਼ੋਰ ਹੋ ਕੇ ਬਾਹਰ ਵੱਲ ਨੂੰ ਫੁੱਲ ਜਾਂਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਪ੍ਰੈਸਬਾਇਓਪੀਆ ਕਾਰਨ ਨੇੜੇ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ।
ਸਲਾਹ
-ਐਨਕਾਂ ਲਾ ਕੇ ਡਿਊਟੀ ਕਰੋ।
-ਖਾਣੇ 'ਚ ਵਿਟਾਮਿਨ ਤੇ ਖਣਿਜ ਭਰਪੂਰ ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ ਖਾਓ।
-ਥੋੜ੍ਹੀ ਦੇਰ ਬਾਅਦ ਅੱਖਾਂ ਨੂੰ ਤਾਜ਼ੇ ਪਾਣੀ ਨਾਲ ਧੋਵੋ।
-ਅੱਖਾਂ 'ਚ ਐਲਰਜੀ ਹੋਣ 'ਤੇ ਡਾਕਟਰ ਦੀ ਸਲਾਹ ਅਨੁਸਾਰ ਦਵਾ ਲਵੋ।
-ਸਾਲ 'ਚ ਇਕ-ਦੋ ਵਾਰ ਅੱਖਾਂ ਦੀ ਜਾਂਚ ਕਰਾਓ।
-ਬਿਨਾਂ ਡਾਕਟਰ ਦੀ ਸਲਾਹ ਦੇ ਦਵਾ ਪਾਉਣ ਨਾਲ ਕਾਲਾ ਮੋਤੀਆ ਹੋ ਸਕਦਾ ਹੈ।
-ਪੂਰੀ ਨੀਂਦ ਲੈ ਕੇ ਅੱਖਾਂ ਤੇ ਦਿਮਾਗ ਨੂੰ ਆਰਾਮ ਦਿਓ।