ਜੇਐਨਐਨ, ਜਲੰਧਰ : ਈਐਸਆਈ ਹਸਪਤਾਲ ਤੇ ਡਿਸਪੈਂਸਰੀਆਂ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਡਿਪਟੀ ਡਾਇਰੈਕਟਰ ਡਾ. ਕੇਐਸ ਬਾਵਾ ਨੇ ਅਚਾਨਕ ਦੌਰਾ ਕੀਤਾ। ਉਨ੍ਹਾਂ ਈਐਸਆਈ ਹਸਪਤਾਲ 'ਚ ਦਵਾਈਆਂ ਦੇ ਸਟਾਕ, ਡਾਕਟਰਾਂ ਦੀ ਕਾਰਜਪ੍ਰਣਾਲੀ ਤੇ ਮਨਾਏ ਜਾ ਰਹੇ ਓਰਲ ਹਫ਼ਤੇ ਦਾ ਜਾਇਜ਼ਾ ਲਿਆ। ਇਸ ਦੇ ਇਲਾਵਾ ਓਪੀਡੀ ਤੇ ਵਾਰਡਾਂ 'ਚ ਮਰੀਜ਼ਾਂ ਤੋਂ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਹਸਪਤਾਲ 'ਚ ਭਾਵੇਂ ਡਾਕਟਰਾਂ ਦੀ ਗਿਣਤੀ ਪੂਰੀ ਹੈ। ਪਰ ਮਾਹਰ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਇਲਾਵਾ ਹਸਪਤਾਲ 'ਚ ਗਲੂਕੋਜ਼ ਦਾ ਸਟਾਕ ਨਾ ਹੋਣ ਕਾਰਨ ਇਲਾਜ 'ਚ ਰੁਕਾਵਟ ਪੈਦਾ ਹੋ ਰਹੀ ਹੈ। ਫੋਕਲ ਪੁਆਇੰਟ ਡਿਸਪੈਂਸਰੀ ਨੰਬਰ 4 ਤੇ 5 'ਚ ਗ਼ੰਦਗੀ ਦਾ ਆਲਮ ਤੇ ਵੱਡੀਆਂ-ਵੱਡੀਆਂ ਝਾੜੀਆਂ ਉਗ ਪਈਆਂ ਹਨ। ਉਧਰ, ਸਟਾਫ ਦੀ ਘਾਟ ਵੀ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਵਿਭਾਗ ਵੱਲੋਂ ਠੇਕੇ 'ਤੇ ਕੰਮ ਕਰਵਾਉਣ ਲਈ ਬਜਟ ਮੁਹੱਈਆ ਕਰਵਾਇਆ ਗਿਆ ਹੈ। ਤੇ ਐਮਐਸ ਨੂੰ ਡਿਸਪੈਂਸਰੀ ਨੰਬਰ 5 'ਚ ਕਲਰਕ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੌਰੇ ਦੀ ਰਿਪੋਰਟ ਤਿਆਰ ਕਰਨ ਦੇ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਸਿਫਾਰਸ਼ ਦੀ ਗੱਲ ਕਹੀ ਹੈ।