ਗੁਰਪ੫ੀਤ ਸਿੰਘ ਮੱਕੜ, ਕੋਟਕਪੂਰਾ : ਸਿਵਲ ਹਸਪਤਾਲ 'ਚ 'ਬੇਟੀ ਪੜ੍ਹਾਓ, ਬੇਟੀ ਬਚਾਓ' 'ਤੇ ਿ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬਲਾਕ ਕੋਟਕਪੂਰਾ ਦੀਆਂ ਆਸ਼ਾ ਵਰਕਰਜ਼ ਤੋਂ ਇਲਾਵਾ ਬ੍ਰਹਮ ਕੁਮਾਰੀ ਵਿਸ਼ਵ ਵਿਦਿਆਲਿਆ ਦੀਆਂ ਭੈਣਾਂ, ਬਾਬਾ ਫਰੀਦ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਤੇ ਸ਼ਹਿਰੀ ਪਤਵੰਤਿਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਗਾਜੀ ਉਜੈਰ ਨੇ ਦੱਸਿਆ ਕਿ ਕੰਨਿਆਂ ਭਰੂਣ ਹੱਤਿਆ ਇੱਕ ਬਹੁਤ ਵੱਡਾ ਕਾਨੂੰਨੀ ਜੁਰਮ ਹੈ। ਲੜਕੀ ਨੂੰ ਕੁੱਖ ਵਿੱਚ ਕਤਲ ਕਰਵਾਉਣ ਨਾਲ ਜਿੱਥੇ ਅਸੀਂ ਬਹੁਤ ਵੱਡੇ ਪਾਪ ਦੇ ਭਾਗੀਦਾਰ ਬਣਦੇ ਹਾਂ ਉਥੇ ਕਾਨੂੰਨ ਤੋਂ ਵੀ ਨਹੀਂ ਬਚ ਸਕਦੇ। ਉਹਨਾਂ ਕਿਹਾ ਕਿ ਲੜਕੀਆਂ ਨੂੰ ਕੁੱਖ ਵਿੱਚ ਕਤਲ ਕਰਨ ਦੇ ਦੋ ਵੱਡੇ ਕਾਰਨ ਵਿਆਹ ਵੇਲੇ ਦਾਜ ਦਾ ਫਿਕਰ ਤੇ ਸਮਾਜ ਵਿੱਚ ਫੋਕੀ ਸ਼ੋਹਰਤ ਦੀ ਚਿੰਤਾ। ਉਹਨਾਂ ਕਿਹਾ ਕਿ ਸਾਨੂੰ ਇਸ ਦਲਦਲ ਵਿਚੋਂ ਨਿਕਲ ਕੇ ਲੜਕੀਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਅੱਗੇ ਲਿਜਾਣਾ ਚਾਹੀਦਾ ਹੈ। ਬ੍ਰਹਮਕੁਮਾਰੀ ਆਸ਼ਰਮ ਤੋਂ ਆਈ ਭੈਣ ਦਿਪਾਲੀ ਨੇ ਕੰਨਿਆਂ ਭਰੂਣ ਹੱਤਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬਾਬਾ ਫਰੀਦ ਕਾਲਜ ਆਫ ਨਰਸਿੰਗ ਦੀਆਂ ਲੜਕੀਆਂ ਨੇ 'ਕੁੱਖ ਵਿੱਚ ਧੀ ਨਾ ਮਾਰੋ' ਵਿਸ਼ੇ ਤੇ ਕੋਰਿਓਗ੍ਰਾਫੀ ਕੀਤੀ। ਸੈਮੀਨਾਰ ਦੌਰਾਨ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਵਲੋਂ ਜਾਰੀ ਇਸ਼ਤਿਹਾਰ ਵੰਡੇ ਗਏ।
↧