ਸੀਪੀਆਈ (ਐਮਐਲ) ਲਿਬਰੇਸ਼ਨ ਦੇ ਤਹਿਸੀਲ ਵਰਕਰਾਂ ਦੀ ਹੋਈ ਮੀਟਿੰਗ
ਨਰੇਸ਼ ਕਾਲੀਆ, ਗੁਰਦਾਸਪੁਰ
ਅੱਜ ਫਿਸ਼ ਪਾਰਕ ਵਿਖੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਤਹਿਸੀਲ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁਖੇਦਵ ਸਿੰਘ ਭਾਗੋਕਾਵਾਂ, ਤਹਿਸੀਲ ਸਕੱਤਰ ਬਲਬੀਰ ਸਿੰਘ ਰੰਧਾਵਾ ਅਤੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬਖ਼ਤਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਅੰਦਰ ਆਰਐਸਐਸ ਅਤੇ ਮੋਦੀ ਸਰਕਾਰ ਜੋ ਅਸਹਿਣਸ਼ੀਲਤਾ ਫੈਲਾ ਰਹੀ ਹੈ ਅਤੇ ਹਿੰਦੂ ਰਾਸ਼ਟਰਵਾਦ ਸਥਾਪਤ ਕਰਨ ਲਈ ਜੋ ਭਾਰਤ ਮਾਤਾ ਦੀ ਜੈ ਕਹਿਣ ਵਰਗੇ ਫਰਮਾਨ ਜਾਰੀ ਕਰ ਰਹੀ ਹੈ, ਉਸਦਾ ਸਾਡੀ ਪਾਰਟੀ ਸਖਤ ਵਿਰੋਧ ਕਰਦੀ ਹੈ। ਆਗੂਆਂ ਕਿਹਾ ਕਿ ਮੋਦੀ ਸਰਕਾਰ ਸਿੱਧੇ ਤੌਰ 'ਤੇ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਮਨਰੇਗਾ 200 ਦਿਨ ਲਈ ਲਾਗੂ ਕਰਾਉਣ, ਸਭ ਬੇਘਰਿਆਂ ਨੂੰ 10-10 ਮਰਲੇ ਦੇ ਪਲਾਟ ਦਵਾਉਣ, ਬੁਢਾਪਾ ਤੇ ਵਿਧਵਾ ਪੈਨਸ਼ਨ 3000 ਰੁਪਏ ਲਾਗੂ ਕਰਾਉਣ, ਮਜ਼ਦੂਰਾਂ-ਕਿਸਾਨਾਂ ਦੇ ਕਰਜ਼ੇ ਮੁਆਫ ਕਰਾਉਣ ਅਤੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਸਭ ਬੇਜ਼ਮੀਨਿਆਂ ਲਈ ਲਾਗੂ ਕਰਾਉਣ ਵਰਗੇ ਮੁੱਦਿਆਂ ਉਪਰ ਸੰਘਰਸ਼ ਤੇਜ਼ ਕਰੇਗੀ। ਕਾ. ਬਖ਼ਤਪੁਰਾ ਨੇ ਦੱਸਿਆ ਕਿ 4 ਖੱਬੀਆਂ ਪਾਰਟੀਆਂ ਦੀ ਪੰਜਾਬ ਪੱਧਰੀ ਮੀਟਿੰਗ 12 ਅ੫ਪੈਲ ਨੂੰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਜਿਸ ਵਿਚ ਆਉਣ ਵਾਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸਾਹਬਾ ਮਸੀਹ, ਜਤਿੰਦਰ ਕੋਰ, ਪਲਵਿੰਦਰ ਸਿੰਘ, ਬਿਕਰਮਜੀਤ ਲਾਲੀ, ਬਲਜੀਤ ਬਾਜਵਾ, ਜਗੀਰੋ, ਬਲਬੀਰ ਸਿੰਘ ਬਿੱਲਾ, ਬਾਬਾ ਕਸ਼ਮੀਰ ਸਿੰਘ ਭੁੰਬਲੀ ਆਦਿ ਹਾਜ਼ਰ ਸਨ।