ਪੱਤਰ ਪ੍ਰੇਰਕ, ਸੰਨ੍ਹ ਸਾਹਿਬ : ਮਾਝੇ ਦੇ ਉਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੫ਸਤ ਪੂਰਨ ਸਿੰਘ ਸੰਧੂ ਰਣੀਕੇ ਨੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਸਮੂਹ ਸਭਾ ਸੁਸਾਇਟੀਆਂ ਤੇ ਹੋਰ ਐਨਜੀਓ ਨੂੰ ਨਸ਼ਿਆਂ ਖ਼ਿਲਾਫ਼ ਸਾਂਝੀ ਜੰਗ ਛੇੜਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਨਵਤੇਜ਼ ਸਿੰਘ ਗੱਗੂ ਵੱਲੋਂ ਨਸ਼ਿਆਂ ਖਿਲਾਫ਼ ਜੋ ਜੰਗ ਦਾ ਐਲਾਨ ਕੀਤਾ ਹੈ, ਉਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਉਹ ਅਤੇ ਉਨ੍ਹਾਂ ਦੇ ਸਾਥੀ ਗੱਗੂ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਨ। ਸੰਧੂ ਰਣੀਕੇ ਨੇ ਦੱਸਿਆ ਕਿ ਸਮਾਜ 'ਚੋਂ ਨਸ਼ਿਆਂ ਦਾ ਖਾਤਮਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਇਕ ਮੁੱਠ ਹੋ ਕੇ ਨਸ਼ਿਆਂ ਦੇ ਖਾਤਮੇ ਲਈ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕਈ ਮਾਵਾਂ-ਭੈਣਾਂ ਆਪਣੇ ਬੱਚਿਆਂ ਤੇ ਵੀਰਾਂ ਨੂੰ ਨਸ਼ਿਆਂ 'ਚ ਧੁੱਤ ਹੁੰਦਾ ਦੇਖ ਕੇ ਖੂਨ ਦੇ ਅੱਥਰੂ ਰੋ ਰਹੀਆਂ ਹਨ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ 'ਚ ਨਸ਼ਿਆਂ ਦੇ ਖਾਤਮੇ ਲਈ ਨਸ਼ਿਆਂ ਦੇ ਸੌਦਾਗਰਾਂ ਨੂੰ ਫੜ ਕੇ ਜੇਲ੍ਹ 'ਚ ਸੁੱਟਣ।
↧