ਪੀਟੀਕੇ-40,41,64,65
ਯਾਸਰ
ਜੰਮੂ-ਕਸ਼ਮੀਰ ਨਾਲ ਲੱਗਦੀ ਪਠਾਨਕੋਟ ਦੀ ਪੂਰੀ ਸਰਹੱਦ ਸੀਲ
ਮਾਧੋਪੁਰ ਬੈਰੀਅਰ ਤੇ ਬਮਿਆਲ ਸੈਕਟਰ 'ਚ ਚਲਾਈ ਵਿਸ਼ੇਸ਼ ਮੁਹਿੰਮ
ਜਾਗਰਣ ਬਿਊਰੋ, ਪਠਾਨਕੋਟ : ਪੰਜਾਬ 'ਚ ਪਿਛਲੇ ਛੇ ਮਹੀਨਿਆਂ ਦੌਰਾਨ ਹੋਏ ਦੋ ਵੱਡੇ ਅੱਤਵਾਦੀ ਹਮਲਿਆਂ ਪਿੱਛੋਂ ਸੁਰੱਖਿਆ ਏਜੰਸੀਆਂ ਦੀ ਸੂਚਨਾ 'ਤੇ ਇਕ ਵਾਰ ਫਿਰ ਅਤਿ ਚੌਕਸੀ ਦੇ ਆਦੇਸ਼ ਦਿੱਤੇ ਗਏ ਹਨ। ਇਕ ਗ੍ਰੇ ਰੰਗ ਦੀ ਸਵਿੱਫਟ ਕਾਰ ਨੰ: ਜੇਕੇ 01-ਏਬੀ 2654 'ਚ ਤਿੰਨ ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਤੇ ਇਕ ਭਾਰਤੀ ਮਦਦਗਾਰ ਦੇ ਪੰਜਾਬ 'ਚ ਦਾਖਲ ਹੋਣ ਦੇ ਯਤਨ ਸਬੰਧੀ ਖੁਫੀਆ ਏਜੰਸੀਆਂ ਦੇ ਅਲਰਟ ਦੇ ਬਾਅਦ ਅੱਜ ਪਠਾਨਕੋਟ 'ਚ ਪੁਲਸ ਨੇ ਜੰਮੂ-ਕਸ਼ਮੀਰ ਦੇ ਨਾਲ ਲੱਗਦੀਆਂ ਆਪਣੀਆਂ ਸਾਰੀਆਂ ਸਰਹੱਦਾਂ 'ਤੇ ਚੌਕਸੀ ਵਧਾ ਦਿੱਤੀ। ਇਨ੍ਹਾਂ ਅੱਤਵਾਦੀਆਂ ਵੱਲੋਂ ਦਿੱਲੀ, ਗੋਆ ਤੇ ਮੁੰਬਈ 'ਚ ਵੱਡੇ ਅੱਤਵਾਦੀ ਹਮਲਿਆਂ ਦੀ ਯੋਜਨਾ ਦੱਸੀ ਜਾ ਰਹੀ ਹੈ।
ਜੰਮੂ-ਕਸ਼ਮੀਰ ਤੇ ਪੰਜਾਬ ਦੀ ਸਰਹੱਦ ਮਾਧੋਪੁਰ ਬੈਰੀਅਰ 'ਤੇ ਪੁਲਸ ਨੇ ਅੱਜ ਆਵਾਜਾਈ ਕਰਨ ਵਾਲੇ ਸਾਰੇ ਵਾਹਨਾਂ 'ਤੇ ਨਜ਼ਦੀਕੀ ਨਜ਼ਰ ਰੱਖੀ ਤੇ ਇਨ੍ਹਾਂ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੇ ਨਾਲ ਹੀ ਪਠਾਨਕੋਟ ਦੀ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ 'ਚ ਵੀ ਪੁਲਸ ਨੇ ਚੱਪੇ-ਚੱਪੇ 'ਤੇ ਨਿਗਾਹ ਰੱਖਦੇ ਹੋਏ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲੇ ਦੇ ਬਾਅਦ ਪਠਾਨਕੋਟ ਪੁਲਸ ਪਹਿਲੇ ਤੋਂ ਹੀ ਚੌਕਸੀ ਵਰਤ ਰਹੀ ਹੈ ਪ੍ਰੰਤੂ ਜੰਮੂ-ਕਸ਼ਮੀਰ ਤੋਂ ਇਕ ਗ੍ਰੇ ਰੰਗ ਦੀ ਸਵਿੱਫਟ ਕਾਰ 'ਚ ਤਿੰਨ ਅੱਤਵਾਦੀਆਂ ਦੇ ਪੰਜਾਬ 'ਚ ਦਾਖਲ ਹੋਣ ਦਾ ਯਤਨ ਕਰਨ ਨੇ ਉਸ ਨੂੰ ਹੋਰ ਚੌਕਸ ਕਰ ਦਿੱਤਾ ਹੈ। ਪੁਲਸ ਨੇ ਧਾਰਮਿਕ ਸਥਾਨਾਂ, ਮਾਰਕੀਟ, ਸ਼ਾਪਿੰਗ ਮਾਲ, ਰੇਲਵੇ ਸਟੇਸ਼ਨ, ਰੇਲਵੇ ਪਟੜੀ, ਵਿਦਿਅਕ ਸੰਸਥਾਵਾਂ 'ਤੇ ਚੌਕਸੀ ਵਧਾ ਦਿੱਤੀ ਹੈ। ਪ੍ਰਾਪਤ ਸੂਚਨਾ ਅਨੁਸਾਰ ਇਨ੍ਹਾਂ ਅੱਤਵਾਦੀਆਂ ਕੋਲ ਆਧੁਨਿਕ ਹਥਿਆਰ, ਭਾਰੀ ਅਸਲਾ ਹੈ ਤੇ ਇਨ੍ਹਾਂ 'ਚੋਂ ਇਕ ਆਤਮਘਾਤੀ ਬੰਬਾਰ ਵੀ ਹੋ ਸਕਦਾ ਹੈ।
ਪ੍ਰਾਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜੋ ਤੱਥ ਇਕੱਤਰ ਕੀਤੇ ਹਨ ਉਨ੍ਹਾਂ ਦੇ ਅਨੁਸਾਰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੀ ਬਨਿਹਾਲ ਸੁਰੰਗ ਨੂੰ ਕੱਲ ਰਾਤ ਪਾਰ ਕੀਤਾ। ਇਸ ਗੱਡੀ 'ਚ ਸਵਾਰ ਲੋਕ ਪੰਜਾਬ ਦੇ ਰਸਤੇ ਦਿੱਲੀ ਪੁੱਜਣ ਦੀ ਫਿਰਾਕ 'ਚ ਹਨ। ਅੱਤਵਾਦੀ ਕਿਤੇ ਗੱਡੀ ਬਦਲ ਕੇ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਨਾ ਦੇਣ ਇਸ ਲਈ ਪੁਲਸ ਇਕ ਤੈਅ ਰਣਨੀਤੀ ਤਹਿਤ ਚੌਕਸੀ ਵਰਤ ਰਹੀ ਹੈ ਤੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹੈ। ਇਥੇ ਵਰਣਨਯੋਗ ਹੈ ਕਿ ਜੰਮੂ-ਕਸ਼ਮੀਰ ਦੇ ਨਾਲ ਇਕਲੌਤਾ ਪਠਾਨਕੋਟ ਹੀ ਅਜਿਹਾ ਜ਼ਿਲ੍ਹਾ ਹੈ ਜਿਸ ਦਾ ਭੋਂ ਭਾਗ ਗੁਆਂਢੀ ਰਾਜ ਨਾਲ ਜੁੜਿਆ ਹੋਇਆ ਹੈ। ਪੰਜਾਬ ਪੁਲਸ ਨੇ ਜਿਥੇ ਪੁਲਸ ਨੂੰ ਬਾਰਡਰ ਸੈਕਟਰ 'ਚ ਵੰਡਿਆ ਹੋਇਆ ਹੈ ਉਥੇ ਸ਼ਹਿਰੀ ਅਤੇ ਧਾਰ ਖੇਤਰ 'ਚ ਅਲੱਗ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ।
ਬਾਕਸ
ਐਸਐਸਪੀ ਨੇ ਕੀਤੀ ਬੀਐਸਐਫ ਦੇ ਕਮਾਂਡੈਂਟ ਨਾਲ ਭੇਟ
ਐਸਐਸਪੀ ਪਠਾਨਕੋਟ ਰਾਕੇਸ਼ ਕੌਸ਼ਲ ਨੇ ਅੱਜ ਬੀਐਸਐਫ ਦੇ ਕਮਾਂਡੈਂਟ ਆਈਪੀ ਭਾਟੀਆ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਮੁਲਾਕਾਤ ਦਾ ਮਕਸਦ ਬੀਐਸਐਫ ਤੋਂ ਬਾਰਡਰ ਏਰੀਆ ਦੇ ਸਬੰਧ 'ਚ ਜਾਣਕਾਰੀ ਪ੍ਰਾਪਤ ਕਰਨਾ ਸੀ। ਦੋਨਾਂ ਵਿਚਕਾਰ ਇਹ ਬੈਠਕ ਲੰਬਾ ਸਮਾਂ ਚਲੀ। ਸਮਿਝਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਵੱਲੋਂ ਭੇਜੇ ਜਾ ਰਹੇ ਅਲਰਟ ਅਤੇ ਭਾਰਤ ਤੇ ਪਾਕਿ ਵਿਚਕਾਰ ਪੈਦਾ ਵਰਤਮਾਨ ਗਤੀਰੋਧ ਦੇ ਮੱਦੇਨਜ਼ਰ ਇਹ ਮੀਟਿੰਗ ਕਾਫੀ ਮਹੱਤਵਪੂਰਨ ਹੈ। ਏਅਰਬੇਸ ਹਮਲੇ ਪਿੱਛੋਂ ਪੰਜਾਬ ਪੁਲਸ ਨੇ ਬੀਐਸਐਫ ਅਤੇ ਫ਼ੌਜ ਨਾਲ ਆਪਣਾ ਤਾਲਮੇਲ ਬਹੁਤ ਵਧਾ ਦਿੱਤਾ ਹੈ।