ਮੁੰਬਈ (ਪੀਟੀਆਈ) : ਆਈਪੀਐਲ ਦੇ ਸ਼ੁਰੂਆਤੀ ਮੁਕਾਬਲੇ ਵਿਚ ਰਾਈਜ਼ਿੰਗ ਪੁਣੇ ਸੁਪਰਜਾਇੰਟਜ਼ ਤੋਂ ਨੌਂ ਵਿਕਟਾਂ ਨਾਲ ਮਾਤ ਸਹਿਣ ਤੋਂ ਬਾਅਦ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਸਪਿੰਨ ਗੇਂਦਬਾਜ਼ੀ ਦੇ ਆਗੂ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਬੱਲੇਬਾਜ਼ਾਂ ਨੂੰ ਸ਼ਾਟ ਖੇਡਣ ਤੋਂ ਪਹਿਲਾਂ ਯੀਜ਼ 'ਤੇ ਥੋੜ੍ਹੀ ਦੇਰ ਟਿਕਣਾ ਚਾਹੀਦਾ ਸੀ। ਤਜਰਬੇਕਾਰ ਗੇਂਦਬਾਜ਼ ਨੇ ਸ਼ਨਿਚਰਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਮੈਚ ਤੋਂ ਬਾਅਦ ਕਿਹਾ ਕਿ ਸਾਨੂੰ ਜਿੰਨੀ ਚੰਗੀ ਬੱਲੇਬਾਜ਼ੀ ਕਰਨੀ ਚਾਹੀਦੀ ਸੀ ਅਸੀਂ ਉਸ ਤਰ੍ਹਾਂ ਨਹੀਂ ਕਰ ਸਕੇ। ਇਹ ਸਾਡੇ ਲਈ ਅੌਖਾ ਮੈਚ ਸੀ। ਮੁੰਬਈ ਦੀ ਵਿਕਟ ਸ਼ਾਇਦ ਬੱਲੇਬਾਜ਼ੀ ਲਈ ਸਰਬੋਤਮ ਹੈ ਪਰ ਖ਼ਰਾਬ ਸ਼ਾਟ ਦੀ ਚੋਣ ਨੇ ਸਾਨੂੰ ਹਾਰ ਤਕ ਪਹੁੰਚਾ ਦਿੱਤਾ। ਸਾਨੂੰ ਆਪਣੀ ਖੇਡ 'ਤੇ ਥੋੜ੍ਹਾ ਹੋਰ ਕੰਮ ਕਰਨ ਦੀ ਲੋੜ ਹੈ। ਮੁੰਬਈ ਦੀ ਟੀਮ 68 ਦੌੜਾਂ 'ਤੇ ਸੱਤ ਵਿਕਟਾਂ ਗੁਆ ਕੇ ਮੁਸ਼ਕਲ ਵਿਚ ਸੀ। ਉਸ ਨੇ 30 ਦੌੜਾਂ ਅੰਦਰ ਪੰਜ ਓਵਰਾਂ ਵਿਚ ਸਿਖਰਲੇ ਚਾਰ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਹਰਭਜਨ ਨੇ 30 ਗੇਂਦਾਂ ਵਿਚ ਅਜੇਤੂ 45 ਦੌੜਾਂ ਬਣਾਈਆਂ। ਜਿਸ ਨਾਲ ਟੀਮ ਅੱਠ ਵਿਕਟਾਂ 'ਤੇ 121 ਦੌੜਾਂ ਬਣਾਉਣ ਵਿਚ ਸਫ਼ਲ ਰਹੀ ਪਰ ਪੁਣੇ ਨੇ 122 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
↧