ਸ੍ਰੀਨਗਰ : ਕਸ਼ਮੀਰ ਵਾਦੀ ਦੇ ਕਈ ਹਿੱਸਿਆਂ 'ਚ ਕਰਫਿਊ ਵਰਗੀਆਂ ਪਾਬੰਦੀਆਂ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀਆਂ। ਇਸ ਦੌਰਾਨ ਵਾਦੀ ਦੇ ਕੁਝ ਖੇਤਰਾਂ 'ਚ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਮੰਗਲਵਾਰ ਨੂੰ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗੋਲੀਬਾਰੀ ਨਾਲ ਚਾਰ ਲੋਕਾਂ ਦੇ ਮਾਰੇ ਜਾਣ ਪਿੱਛੋਂ ਵੱਖ-ਵੱਖ ਖੇਤਰਾਂ 'ਚ ਹਿੰਸਕ ਝੜੱਪਾਂ ਜਾਰੀ ਹਨ। ਉੱਤਰੀ ਕਸ਼ਮੀਰ 'ਚ ਕੁਪਵਾੜਾ, ਕਰਾਲਗੁੰਡ, ਹੰਦਵਾੜਾ, ਮਗਾਮ ਅਤੇ ਲੰਗੇਟ ਖੇਤਰਾਂ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਰਫਿਊ ਵਰਗੀਆਂ ਪਾਬੰਦੀਆਂ ਲਾਈਆਂ ਗਈਆਂ ਹਨ।
ਹੰਦਵਾੜਾ (ਕੁਪਵਾੜਾ) ਫਾਇਰਿੰਗ ਮਾਮਲੇ ਦੇ ਵਿਰੋਧ 'ਚ ਅੱਜ ਤੀਸਰੇ ਦਿਨ ਵੀ ਮੁਕੰਮਲ ਹੜਤਾਲ ਤੇ ਬੰਦ ਕਾਰਨ ਆਮ ਜਨਜੀਵਨ ਠੱਪ ਰਿਹਾ। ਇਸ ਦੌਰਾਨ ਹੰਦਵਾੜਾ, ਕੁਪਵਾੜਾ ਅਤੇ ਸ੍ਰੀਨਗਰ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਸ਼ਾਸਨ ਨੇ ਕਰਫਿਊ ਅਤੇ ਧਾਰਾ 144 ਲਗਾਈ ਹੈ। ਇਸ ਦੇ ਬਾਵਜੂਦ ਸ਼ਰਾਰਤੀ ਅਨਸਰਾਂ ਨੇ ਪ੍ਰਸ਼ਾਸਨਿਕ ਪਾਬੰਦੀਆਂ ਦੀ ਉਲੰਘਣਾ ਕਰਕੇ ਜਲੂਸ ਕੱਢੇ। ਕਈ ਥਾਵਾਂ 'ਤੇ ਹਿੰਸਕ ਝੜੱਪਾਂ ਹੋਈਆਂ ਜਿਨ੍ਹਾਂ 'ਚ ਇਕ ਡੀਐਸਪੀ ਤੇ ਇੰਸਪੈਕਟਰ ਸਣੇ 12 ਲੋਕ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੇ ਅਫਵਾਹਾਂ 'ਤੇ ਕਾਬੂ ਪਾਉਣ ਦੇ ਲਈ ਉੱਤਰੀ ਕਸ਼ਮੀਰ ਦੇ ਇਲਾਵਾ ਦੱਖਣੀ ਕਸ਼ਮੀਰ ਦੇ ਕਈ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਰੱਖਿਆ। ਰੇਲ ਸੇਵਾਵਾਂ ਲਗਾਤਾਰ ਦੂਸਰੇ ਦਿਨ ਵੀ ਠੱਪ ਰਹੀਆਂ। ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਵੱਖਵਾਦੀਆਂ ਨੇ ਦੇਸ਼ ਦੇ ਹੋਰ ਹਿੱਸਿਆਂ 'ਚ ਪੜ੍ਹਾਈ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਕਥਿਤ ਤੰਗ ਪ੍ਰੇਸ਼ਾਨ ਵਿਰੁੱਧ ਬੰਦ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਹੰਦਵਾੜਾ 'ਚ ਕੁਝ ਲੋਕਾਂ ਨੇ ਇਕ ਸਕੂਲੀ ਵਿਦਿਆਰਥਣ ਨਾਲ ਫ਼ੌਜੀਆਂ ਦੀ ਛੇੜਛਾੜ ਦੀ ਅਫਵਾਹ ਫੈਲਾ ਦਿੱਤੀ ਜਿਸ ਕਾਰਨ ਹਾਲਾਤ ਬੇਕਾਬੂ ਹੋ ਗਏ। ਹੰਦਵਾੜਾ 'ਚ ਬੰਕਰ ਸਾੜ ਰਹੀ ਭੀੜ 'ਤੇ ਸੁਰੱਖਿਆ ਬਲਾਂ ਨੂੰ ਗੋਲੀ ਚਲਾਉਣੀ ਪਈ ਜਿਸ 'ਚ ਚਾਰ ਲੋਕ ਮਾਰੇ ਗਏ। ਬੁੱਧਵਾਰ ਤੇ ਵੀਰਵਾਰ ਨੂੰ ਹੰਦਵਾੜਾ ਘਟਨਾ ਦੇ ਖ਼ਿਲਾਫ਼ ਵੱਖਵਾਦੀਆਂ ਦੇ ਬੰਦ ਦਾ ਸੱਦਾ ਦਿੱਤਾ। ਵਾਦੀ 'ਚ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ।
ਸਰਕਾਰੀ ਦਫ਼ਤਰ ਸਰਕਾਰੀ ਛੁੱਟੀਆਂ ਕਾਰਨ ਬੰਦ ਹਨ। ਸੜਕਾਂ 'ਤੇ ਨਿੱਜੀ ਵਾਹਨ ਬਹੁਤ ਘੱਟ ਨਜ਼ਰ ਆਏ। ਸ੍ਰੀਨਗਰ-ਜੰਮੂ ਕੌਮੀ ਸ਼ਾਹ ਰਾਹ 'ਤੇ ਸਰਵਜਨਿਕ ਵਾਹਨਾਂ ਦੀ ਆਵਾਜਾਈ ਵੀ ਬਹੁਤ ਘੱਟ ਸੀ। ਪ੍ਰਸ਼ਾਸਨ ਨੇ ਵਾਦੀ ਦੇ ਵੱਖ-ਵੱਖ ਹਿੱਸਿਆਂ 'ਚ ਹੋਈ ਹਿੰਸਾ ਨੂੰ ਵੇਖਦੇ ਹੋਏ ਸੁਰੱਖਿਆ ਦੇ ਜ਼ਿਆਦਾ ਪ੍ਰਬੰਧ ਕੀਤੇ ਸਨ। ਇਸ ਦੇ ਬਾਵਜੂਦ ਸ੍ਰੀਨਗਰ ਦੇ ਬਟਮਾਲੂ, ਕਮਰਵਾਰੀ, ਹੈਦਰਪੋਰਾ, ਛੰਨਪੋਰਾ ਅਤੇ ਅੰਦਰੂਨੀ ਇਲਾਕਿਆਂ ਦੇ ਵੱਖ-ਵੱਖ ਹਿੱਸਿਆਂ ਦੇ ਇਲਾਵਾ ਹੰਦਵਾੜਾ, ਲੰਗੇਟ, ਕੁਪਵਾੜਾ, ਦ੍ਰਗਮੁਲਾ, ਗੰਦਰਬਲ, ਪੰਪੋਰ, ਬਿਜਬਿਹਾੜਾ ਅਤੇ ਕੁਲਗਾਮ 'ਚ ਲੋਕਾਂ ਨੇ ਭੜਕਾਊ ਨਾਅਰੇਬਾਜ਼ੀ ਕਰਦੇ ਹੋਏ ਜਲੂਸ ਕੱਢੇ। ਸੁਰੱਖਿਆ ਬਲਾਂ ਵੱਲੋਂ ਰੋਕੇ ਜਾਣ 'ਤੇ ਭੀੜ ਹਿੰਸਕ ਹੋ ਗਈ ਤੇ ਉਸ ਨੇ ਪਥਰਾਉ ਸ਼ੁਰੂ ਕਰ ਦਿੱਤਾ। ਕੁਲਗਾਮ 'ਚ ਜ਼ਖ਼ਮੀ ਟੈਕਸੀ ਚਾਲਕ ਦੀ ਹਾਲਤ ਗੰਭੀਰ ਹੈ। ਕੁਝ ਇਕ ਇਲਾਕਿਆਂ 'ਚ ਛੋਟੀਆਂ-ਮੋਟੀਆਂ ਝੜੱਪਾਂ ਹੋਈਆਂ ਹਨ।
ਵੱਖਵਾਦੀ ਨਜ਼ਰਬੰਦ : ਕੱਟੜਪੰਥੀ ਸੱਯਦ ਅਲੀ ਸ਼ਾਹ ਗਿਲਾਨੀ, ਉਦਾਰਵਾਦੀ ਹੁਰੀਅਤ ਮੁਖੀ ਮੀਰਵਾਇਜ਼ ਮੌਲਵੀ ਓਮਰ ਫਾਰੂਕ, ਇੰਜੀਨੀਅਰ ਹਿਲਾਲ ਵਾਰ, ਪ੍ਰੋ. ਅਬਦੁੱਲ ਗਨੀ ਬੱਟ, ਜਫਰ ਫਤਹਿ, ਨਈਮ ਅਹਿਮਦ ਖਾਨ, ਏਯਾਜ਼ ਅਕਬਰ, ਸ਼ਾਹਿਦ ਉਲ ਇਸਲਾਮ, ਸ਼ਕੀਲ ਬਖਸ਼ੀ, ਪੀਰ ਸੈਫੁੱਲਾ, ਮੁਖਤਾਰ ਵਾਜਾ ਸਮੇਤ ਸਾਰੇ ਮੁੱਖ ਵੱਖਵਾਦੀ ਆਗੂਆਂ ਨੂੰ ਲਗਾਤਾਰ ਤੀਸਰੇ ਦਿਨ ਵੀ ਘਰਾਂ 'ਚ ਨਜ਼ਰਬੰਦ ਕੀਤਾ ਗਿਆ। ਇੰਟਰਨੈੱਟ ਸੇਵਾ ਬੰਦ
ਸ਼ਰਾਰਤੀ ਅਨਸਰ ਹੰਦਵਾੜਾ ਘਟਨਾ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਅਫਵਾਹਾਂ ਫੈਲਾ ਰਹੇ ਹਨ। ਹਾਲਾਤ ਖ਼ਰਾਬ ਕਰਨ ਦੀ ਸਾਜ਼ਿਸ਼ ਦਾ ਅੰਦੇਸ਼ਾ ਵੇਖਦੇ ਹੋਏ ਪ੍ਰਸ਼ਾਸਨ ਨੇ ਬਾਰਾਮੂਲਾ, ਸੋਪੋਰ, ਹੰਦਵਾੜਾ, ਕੁਪਵਾੜਾ, ਗੰਦਰਬਲ ਦੇ ਇਲਾਵਾ ਦੱਖਣੀ ਕਸ਼ਮੀਰ ਦੇ ਵੀ ਕਈ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਰੱਖਿਆ।
ਰੇਲ ਨਹੀਂ ਦੌੜੀ ਪਟੜੀ 'ਤੇ : ਵੱਖਵਾਦੀਆਂ ਦੇ ਬੰਦ ਅਤੇ ਹੰਦਵਾੜਾ ਦੀ ਘਟਨਾ ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਲਗਾਤਾਰ ਦੂਸਰੇ ਦਿਨ ਵੀ ਬਨਿਹਾਲ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਾਈਨ 'ਤੇ ਇਕ ਵੀ ਰੇਲ ਨਹੀਂ ਚੱਲੀ।