ਸੰਗਰੂਰ : ਪੰਜਾਬ ਦੇ ਰੁੱਖਾਂ ਦੀ ਦੁਨੀਆਂ 'ਚ 1965 'ਚ ਆ ਕੇ ਸਫੈਦੇ ਨੇ ਪੰਜਾਬ ਦੇ ਸਾਰੇ ਰੁੱਖਾਂ 'ਤੇ ਆਪਣਾ ਗਲਬਾ ਪਾ ਲਿਆ ਸੀ ਪਰ ਹੁਣ ਲਗਪਗ ਪਿਛਲੇ 15-20 ਸਾਲ ਤੋਂ ਵਰਮਾ ਡੇਕ ਸਫੈਦੇ ਦੀ ਬਜਾਏ ਪਾਪੂਲਰ 'ਤੇ ਵੀ ਗਲਬਾ ਪਾਉਣ 'ਚ ਕਾਮਯਾਬ ਹੋ ਗਈ ਹੈ। ਪੰਜਾਬ ਦੇ ਵੱਡੇ ਰਕਬੇ ਵਾਲੇ ਕਿਸਾਨ ਵੀ ਸਭ ਤੋਂ
ਵੱਧ ਸਾਰੀਆਂ ਫ਼ਸਲਾਂ ਤੋਂ ਵੱਧ ਮੁਨਾਫਾ ਦੇਣ ਵਾਲੀ ਇਸ ਵਰਮਾ ਡੇਕ ਤੋਂ ਅਜੇ ਤੱਕ ਨਾ-ਵਾਕਿਫ਼ ਹਨ। ਫਿਲਹਾਲ ਹੁਸ਼ਿਆਰਪੁਰ, ਰੋਪੜ ਤੇ ਨਵਾਂ ਸ਼ਹਿਰ 'ਚ ਇਸ ਦੀ ਬਿਜਾਈ ਜ਼ਿਆਦਾ ਕੀਤੀ ਜਾ ਰਹੀ ਹੈ। ਮਾਲਵੇ 'ਚ ਖੇਤਾਂ ਦੀਆਂ ਵੱਟਾਂ 'ਤੇ ਇਸ ਨੂੰ ਟਾਵੇਂ-ਟਾਵੇਂ ਕਿਸਾਨ ਲਾ ਰਹੇ ਹਨ।
ਵਰਮਾ ਡੇਕ ਪੰਜਾਬ ਦੀ ਧਰਤੀ 'ਤੇ ਥੋੜ੍ਹੇ ਸਮੇਂ 'ਚ ਵਿਕਣ ਵਾਲਾ ਰੁੱਖ ਹੈ। ਛੇ ਸਾਲ 'ਚ ਇਸ ਦੀ ਪਹਿਲੀ ਕਟਾਈ ਹੋ ਜਾਂਦੀ ਹੈ। ਇਕ ਏਕੜ 'ਚ 700 ਦੇ ਕਰੀਬ ਡੇਕ ਲਾਈ ਜਾ ਸਕਦੀ ਹੈ। ਉਪਰੋਂ ਟਾਹਣਿਆਂ ਤੋਂ ਬਿਨਾਂ ਇਕ ਡੇਕ ਦਾ ਵਜ਼ਨ ਤਿੰਨ ਪੌਣੇ ਤਿੰਨ ਕੁਇੰਟਲ ਹੋ ਜਾਂਦਾ ਹੈ। ਕੀਮਤ 650 ਰੁਪਏ ਤੋਂ 700 ਰੁਪਏ ਤੱਕ ਪ੍ਰਤੀ ਕੁੁਇੰਟਲ ਹੈ। ਦੂਜੀ ਫ਼ਸਲ ਜੜ੍ਹਾਂ ਬਲਵਾਨ ਕਰਕੇ 6 ਸਾਲ ਤੋਂ ਘੱਟ ਸਮੇਂ ਵਿਚ ਹੋ ਜਾਂਦੀ ਹੈ। ਘੱਟੋ-ਘੱਟ 10 ਵਾਰ ਇਸ ਦੀਆਂ ਜੜ੍ਹਾਂ ਰੁੱਖ ਪੈਦਾ ਕਰਨ ਦੇ ਸਮਰੱਥ ਹੰਦੀਆਂ ਹਨ।
ਜਦੋਂ ਇਸ ਦੀ ਖੇਤੀ ਸਬੰਧੀ ਅਗਾਂਹ ਵਧੂ ਕਿਸਾਨ ਬਲਵੰਤ ਸਿੰਘ ਸੇਖਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ 18-20 ਸਾਲ ਤੋਂ ਉਹ ਆਪਣੇ ਛੇ ਏਕੜ ਰਕਬੇ 'ਚ ਡੇਕਾਂ ਦੀ ਖੇਤੀ ਕਰ ਰਹੇ ਹਨ। ਇਕ ਏਕੜ 'ਚੋਂ ਛੇ ਸਾਲਾਂ 'ਚ 10 ਤੋਂ 12 ਲੱਖ ਰੁਪਏ ਤਕ ਆਮਦਨ ਹੁੰਦੀ ਹੈ। ਕਟਾਈ ਤਕ ਡੇਕਾਂ ਹੇਠਾਂ ਹਾੜੂ ਸਿਆਲੂ ਹਰਾ ਚਾਰਾ ਅਤੇ ਜੌਂਆਂ ਦੀ ਖੇਤੀ ਕੀਤੀ ਜਾ ਸਕਦੀ ਹੈ। ਹਰ ਸਾਲ ਡੇਕਾਂ ਹੇਠਾਂ ਬੀਜਾਂ ਤੋਂ ਡੇਕਾਂ ਹਰੀਆਂ ਹੁੰਦੀਆਂ ਰਹਿੰਦੀਆਂ ਹਨ। ਉਸ ਦਾ ਬਾਲਣ ਵੀ 400 ਰੁਪਏ ਪ੍ਰਤੀ ਕੁਇੰਟਲ ਵਿੱਕਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਡੇਕਾਂ ਦੀ ਖੇਤੀ ਨੂੰ ਉਤਸ਼ਾਹਿਤ ਕਰੇ ਤਾਂ ਝੋਨੇ ਅਤੇ ਕਣਕ ਹੇਠ ਆਉਣ ਵਾਲਾ ਰਕਬਾ ਵੱਡੇ ਪੱਧਰ 'ਤੇ ਘੱਟ ਸਕਦਾ ਹੈ। ਪੰਚਾਇਤੀ ਜ਼ਮੀਨਾਂ ਸਰਕਾਰ ਨੂੰ ਠੇਕੇ 'ਤੇ ਨਹੀਂ ਦੇਣੀਆਂ ਚਾਹੀਦੀਆਂ ਸਗੋਂ ਵਰਮਾ ਡੇਕ ਦੀ ਖੇਤੀ ਖ਼ੁਦ ਜਾਂ ਘੱਟ ਠੇਕੇ 'ਤੇ ਦੇ ਕੇ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣਾ ਚਾਰ ਏਕੜ ਰਕਬਾ ਡੇਕਾਂ ਹੇਠਾਂ ਹੋਰ ਲਿਆ ਰਹੇ ਹਨ।
ਪੰਜਾਬ ਪਲਾਈਵੁੱਡ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਪ੍ਰਧਾਨ ਸੱਤਪਾਲ ਗਾਂਧੀ ਨੇ ਦੱਸਿਆ ਕਿ ਵਰਮਾ ਡੇਕ ਦੀ ਕਮੀ ਕਾਰਨ ਉਹ ਸਫੈਦੇ ਅਤੇ ਪਾਪੂਲਰ ਦੀ ਵਰਤੋਂ ਪਲਾਈ ਬੋਰਡ 'ਚ ਕਰਦੇ ਹਨ। ਸਫੈਦਾ ਵੀ ਇਸ 'ਚ ਵਰਤਿਆ ਜਾਂਦਾ ਹੈ ਜਦੋਂਕਿ ਵਰਮਾ ਡੇਕ ਦੀ ਕੀਮਤ ਇਸ ਨਾਲੋਂ ਡੇਢ-ਦੋ ਸੌ ਰੁਪਏ ਪ੍ਰਤੀ ਕੁਇੰਟਲ ਵੱਧ ਹੈ ਪਰ ਜੋ ਗੁਣ ਵਰਮਾ ਡੇਕ 'ਚ ਹਨ ਉਹ ਸਫੈਦੇ ਅਤੇ ਪਾਪੂਲਰ 'ਚ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਜੀਰੀ ਅਤੇ ਕਣਕ ਹੇਠ ਆਉਣ ਵਾਲਾ ਰਕਬਾ ਘਟਾਉਣ ਅਤੇ ਵਰਮਾ ਡੇਕ ਦੀ ਖੇਤੀ ਨੂੰ ਉਤਸ਼ਾਹਿਤ ਕਰਵਾਉਣ ਲਈ ਮਿਲੀ ਸੀ ਪਰ ਉਨ੍ਹਾਂ ਨੇ ਵਾਅਦਾ ਕਰਕੇ ਇਸ ਪੱਖ 'ਤੇ ਆਪਣਾ ਧਿਆਨ ਕੇਂਦਰਿਤ ਨਹੀਂ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਪੰਜਾਬ 'ਚ 120 ਪਲਾਈਵੁੱਡ ਪਲਾਂਟ ਲੱਗੇ ਹੋਏ ਹਨ। ਜਗਾਧਰੀ ਇਸ ਲੱਕੜ ਦੀ ਬਹੁਤ ਵੱਡੇ ਪੱਧਰ 'ਤੇ ਲੋੜ ਹੈ। ਸਾਨੂੰ ਇਸ ਵੇਲੇ ਪੰਜਾਬ 'ਚੋਂ ਨਾ ਬਰਾਬਰ ਡੇਕ ਹੀ ਪ੍ਰਾਪਤ ਹੋ ਰਹੀ ਹੈ ਜਦੋਂਕਿ ਲੋੜ ਹਰ ਸਾਲ ਹਜ਼ਾਰਾਂ ਕੁਇੰਟਲਾਂ ਦੀ ਹੈ।