-ਰਾਇਲ ਚੈਲੰਜਰਜ਼ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ
-ਕਰੁਣ ਨਾਇਰ ਨੇ ਵੀ ਖੇਡੀ 54 ਦੌੜਾਂ ਦੀ ਅਜੇਤੂ ਪਾਰੀ
-ਵਿਰਾਟ ਅਤੇ ਡਿਵਲੀਅਰਜ਼ ਦੇ ਅਰਧ ਸੈਂਕੜੇ ਗਏ ਬੇਕਾਰ
ਬੈਂਗਲੁਰੂ (ਏਜੰਸੀ) : ਕਵਿੰਟਨ ਡਿਕਾਕ (108) ਦੇ ਸ਼ਾਨਦਾਰ ਧਮਾਕੇਦਾਰ ਸੈਂਕੜੇ ਅਤੇ ਕਰੁਣ ਨਾਇਰ (54) ਦੇ ਅਜੇਤੂ ਅਰਧ ਸੈਂਕੜੇ ਦੇ ਦਮ 'ਤੇ ਦਿੱਲੀ ਡੇਅਰਡੇਵਿਲਜ਼ ਨੇ ਐਤਵਾਰ ਨੂੰ ਬੈਂਗਲੁਰੂ ਰਾਇਲ ਚੈਲੰਜਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਬੈਂਗਲੁਰੂ ਵੱਲੋਂ ਮਿਲੇ 192 ਦੌੜਾਂ ਦੇ ਟੀਚੇ ਨੂੰ ਦਿੱਲੀ ਨੇ 19.1 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਆਈਪੀਐਲ-9 ਦਾ ਪਹਿਲਾ ਸੈਂਕੜਾ ਲਾਉਣ ਵਾਲੇ ਡਿਕਾਕ ਨੇ ਨਾਇਰ ਨਾਲ ਤੀਜੀ ਵਿਕਟ ਲਈ 134 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਜਿੱਤ ਲਾਗੇ ਪਹੁੰਚਾ ਦਿੱਤਾ। ਡਿਕਾਕ ਨੂੰ ਵਾਟਸਨ ਨੇ ਜਾਧਵ ਦੇ ਹੱਥੋਂ ਕੈਚ ਆਊਟ ਕਰਵਾ ਕੇ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ। ਉਨ੍ਹਾਂ ਨੇ ਆਪਣੀ ਪਾਰੀ ਵਿਚ 51 ਗੇਂਦਾਂ ਦਾ ਸਾਹਮਣਾ ਕਰ ਕੇ 15 ਚੌਕੇ ਅਤੇ ਤਿੰਨ ਛੱਕੇ ਲਾਏ। ਨਾਇਰ ਨੇ 42 ਗੇਂਦਾਂ 'ਚ ਛੇ ਚੌਕੇ ਅਤੇ ਇਕ ਛੱਕਾ ਲਾਇਆ। ਡੁਮਿਨੀ ਨੇ ਅਜੇਤੂ ਸੱਤ ਦੌੜਾਂ ਬਣਾਈਆਂ। ਸ਼੍ਰੀਨਾਥ ਅਰਵਿੰਦ ਅਤੇ ਸ਼ੇਨ ਵਾਟਸਨ ਨੂੰ ਇਕ-ਇਕ ਵਿਕਟ ਮਿਲਿਆ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ (79) ਅਤੇ ਏਬੀ ਡਿਵੀਲੀਅਰਜ਼ (55) ਵਿਚਾਲੇ ਲਗਾਤਾਰ ਦੂਜੀ ਸੈਂਕੜੇ ਦੀ ਭਾਈਵਾਲੀ ਦੀ ਬਦੌਲਤ ਬੰਗਲੂਰ ਨੇ ਨਿਰਧਾਰਤ ਓਵਰਾਂ ਵਿਚ ਪੰਜ ਵਿਕਟਾਂ 'ਤੇ 191 ਦੌੜਾਂ ਬਣਾਈਆਂ ਸਨ।