ਮੁੰਬਈ : ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਕਰੀਬ 9,400 ਕਰੋੜ ਦੇ ਕਰਜ਼ੇ 'ਚ ਡੁੱਬੇ ਮਾਲਿਆ ਦਾ ਡਿਪਲੋਮੈਟਿਕ ਪਾਸਪੋਰਟ ਈਡੀ ਦੀ ਸਿਫਾਰਿਸ਼ ਨਾਲ ਪਹਿਲਾਂ ਹੀ ਚਾਰ ਹਫ਼ਤਿਆਂ ਲਈ ਮੁਅੱਤਲ ਕੀਤਾ ਜਾ ਚੁੱਕਾ ਹੈ। ਈਡੀ ਨੇ 900 ਕਰੋੜ ਦੇ ਆਈਡੀਬੀਆਈ ਕਰਜ਼ੇ ਦੇ ਧੋਖਾਧੜੀ ਮਾਮਲੇ 'ਚ ਮਾਲਿਆ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ।ਪਿਛਲੇ ਤਕਰੀਬਨ ਇਕ ਮਹੀਨੇ ਤੋਂ ਵੀ ਵੱਧ ਅਰਸੇ ਤੋਂ ਮਾਲਿਆ ਬਿ੍ਰਟੇਨ 'ਚ ਹੈ ਅਤੇ ਈਡੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਚੁੱਕਾ ਹੈ। ਕਰਜ਼ ਧੋਖਾਧੜੀ ਮਾਮਲੇ 'ਚ ਵਿਜੇ ਮਾਲਿਆ 9 ਅਪ੍ਰੈਲ ਨੂੰ ਲਗ਼ਾਤਾਰ ਤੀਜੀ ਵਾਰ ਈਡੀ ਸਾਹਮਣੇ ਪੇਸ਼ ਨਹੀਂ ਹੋਇਆ। ਈਡੀ ਦੇ ਨੋਟਿਸ ਦਾ ਜਵਾਬ ਦੇਣ ਲਈ ਮਾਲਿਆ ਨੇ ਸੋਮਵਾਰ ਤਕ ਦੀ ਮੋਹਲਤ ਮੰਗੀ ਸੀ ਤਾਂ ਜੋ ਉਹ ਨਿੱਜੀ ਤੌਰ 'ਤੇ ਪੇਸ਼ ਹੋ ਸਕੇ। ਈਡੀ ਵਲੋਂ ਤੀਜੀ ਵਾਰ ਨੋਟਿਸ ਭੇਜਣ ਤੋਂ ਪਹਿਲਾਂ ਅਧਿਕਾਰੀਆਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਇਸ ਵਾਰ ਵੀ ਪੇਸ਼ ਨਾ ਹੋਣ ਦੀ ਸਥਿਤੀ ਵਿਚ ਮਾਲਿਆ ਦਾ ਪਾਸਪੋਰਟ ਜ਼ਬਤ ਕੀਤਾ ਜਾਵੇਗਾ ਜਾਂ ਉਹ ਸਿੱਧੇ ਅਦਾਲਤ ਵਿਚ ਮਾਲਿਆ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਲੈਣ ਜਾਣਗੇ। ਜ਼ਿਕਰਯੋਗ ਹੈ ਕਿ 9000 ਕਰੋੜ ਦੇ ਕਰਜ਼ੇ ਘੁਟਾਲ਼ੇ ਦੇ ਮਾਮਲੇ ਵਿਚ ਈਡੀ ਨੇ ਮਾਲਿਆ ਨੂੰ ਨੋਟਿਸ ਜਾਰੀ ਕੀਤਾ ਸੀ। 9 ਅਪ੍ਰੈਲ ਤੋਂ ਪਹਿਲਾਂ ਉਹ 18 ਮਾਰਚ ਅਤੇ 2 ਅਪ੍ਰੈਲ ਨੂੰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸੀ। ਦੱਸਣਯੋਗ ਹੈ ਕਿ ਭਾਰਤੀ ਸਟੇਟ ਬੈਂਕ ਦੀ ਨੁਮਾਇੰਦਗੀ ਵਾਲੇ ਕੰਸੋਟੀਅਮ ਨੇ 9000 ਕਰੋੜ ਰੁਪਏ ਤੋਂ ਵੀ ਵੱਧ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ 'ਚ ਮਾਲਿਆ ਖ਼ਿਲਾਫ਼ ਕੋਰਟ ਅਤੇ ਟਿ੍ਰਬਿਊਨਲ 'ਚ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਵੀ ਮਾਲਿਆ ਨੂੰ 21 ਅਪ੍ਰੈਲ ਤਕ ਪਰਿਵਾਰ ਦੀ ਭਾਰਤ ਅਤੇ ਵਿਦੇਸ਼ਾਂ 'ਚ ਮੌਜੂਦ ਜਾਇਦਾਦ ਦੀ ਜਾਣਕਾਰੀ ਦੇਣ ਲਈ ਕਿਹਾ ਹੈ।
↧