ਜੇਐਨਐਨ, ਮੁਜੱਫਰਨਗਰ : ਆਪਣੀ ਫਿਲਮ 'ਸੁਲਤਾਨ' ਦੀ ਸ਼ੂਟਿੰਗ ਲਈ ਮੋਰਨਾ ਪਹੁੰਚੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਸਰਕਾਰੀ ਮਹਿਮਾਨ ਵਰਗੀ ਸਖ਼ਤ ਸੁਰੱਖਿਆ ਦਿੱਤੀ ਜਾ ਰਹੀ ਹੈ। ਦਿਨ ਭਰ ਪ੍ਰਸ਼ੰਸਕਾਂ ਦੇ ਹਜੂਮ ਨੂੰ ਪੁਲਸ ਵਾਲੇ ਭਜਾਉਂਦੇ ਰਹੇ। ਬੁੱਧਵਾਰ ਸਵੇਰੇ ਮੋਰਨਾ ਦੇ ਮੁਰਾਦ ਅਲੀ ਦੇ ਫਾਰਮ ਹਾਊਸ 'ਚ ਪਹੁੰਚੇ ਸਲਮਾਨ ਨੂੰ ਭਾਰੀ ਸੁਰੱਖਿਆ 'ਚ ਦੂਸਰੇ ਗੇਟ ਰਾਹੀਂ ਅੰਦਰ ਲਿਜਾਇਆ ਗਿਆ। ਮੀਡੀਆ ਦਾ ਦਾਖ਼ਲਾ ਬਿਲਕੁੱਲ ਬੰਦ ਕਰ ਦਿੱਤਾ ਗਿਆ। ਮੋਰਨਾ ਬਲਾਕ ਦੇ ਆਸ-ਪਾਸ ਦੇ ਘਰਾਂ ਵਿਚ ਪੁਲਸ ਨੇ ਤਲਾਸ਼ੀ ਮੁਹਿੰਮ ਵੀ ਚਲਾਈ। ਬਲਾਕ ਦੇ ਆਸ-ਪਾਸ ਦੇ ਪੂਰੇ ਇਲਾਕੇ ਨੂੰ 'ਬੰਧਕ' ਬਣਾ ਲਿਆ ਗਿਆ। ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਮੁਜੱਫਰਨਗਰ ਤੋਂ ਇਲਾਵਾ ਸ਼ਾਮਲੀ ਅਤੇ ਸਹਾਰਨਪੁਰ ਦੀ ਪੁਲਸ, ਪੀਏਸੀ ਅਤੇ ਆਰਏਐਫ ਦੇ ਇਕ ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਸਲਮਾਨ ਦੀ ਸੁਰੱਖਿਆ ਲਈ ਤਾਇਨਾਤ ਰਹੇ। ਇਸ ਤੋਂ ਇਲਾਵਾ ਜਗ੍ਹਾ-ਜਗ੍ਹਾ 'ਤੇ ਯਸ਼ਰਾਜ ਫਿਲਮਸ ਦੇ ਕਰਮਚਾਰੀ ਵਾਕੀ-ਟਾਕੀ ਨਾਲ ਮੌਜੂਦ ਸਨ। ਸ਼ੂਟਿੰਗ ਸਥਾਨ ਤੇ ਫਾਰਮ ਹਾਊਸ ਦੇ ਬਾਹਰ ਸਲਮਾਨ ਦੇ ਬਾਊਂਸਰਾਂ ਨੇ ਵੱਖਰੇ ਤੌਰ 'ਤੇ ਸੁਰੱਖਿਆ ਪ੍ਰਬੰਧ ਸੰਭਾਲੇ ਹੋਏ ਸਨ।
↧