ਮਨਦੀਪ ਸ਼ਰਮਾ, ਜਲੰਧਰ : ਆਪਣੇ ਵਾਰਡਾਂ ਦੇ ਵਸਨੀਕਾਂ ਦੀਆਂ ਮੈਰਿਜ ਰਜਿਸਟਰ ਕਰਵਾਉਣ ਲਈ ਕੌਂਸਲਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਜੋੜੇ ਦੀ ਮੈਰਿਜ ਰਜਿਸਟਰ ਕਰਵਾਉਣ ਲਈ ਕੌਂਸਲਰਾਂ ਨੂੰ ਕਰੀਬ ਦੋ-ਦੋ ਘੰਟੇ ਖੜ੍ਹੇ ਰਹਿਣਾ ਪੈਂਦਾ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰੇ ਲਈ ਸ਼ੁੱਕਰਵਾਰ ਉਨ੍ਹਾਂ ਡੀਸੀ ਕੇਕੇ ਯਾਦਵ ਕੋਲ ਫਰਿਆਦ ਕੀਤੀ। ਉਨ੍ਹਾਂ ਦੀ ਇਸ ਫਰਿਆਦ 'ਤੇ ਡੀਸੀ ਨੇ ਛੇਤੀ ਹੀ ਕੁਝ ਕਰਨ ਦਾ ਭਰੋਸਾ ਦਿਵਾਇਆ ਹੈ।
ਇਸ ਬਾਰੇ ਕੌਂਸਲਰ ਬਲਰਾਜ ਠਾਕੁਰ ਨੇ ਦੱਸਿਆ ਮੈਰਿਜ ਰਜਿਸਟਰਡ ਕਰਵਾਉਣ ਲਈ ਵਿਆਹ ਵਾਲੇ ਜੋੜੇ ਨਾਲ ਕੌਂਸਲਰ ਦੀ ਫੋਟੋ ਲੱਗਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਦੇ ਇਲਾਵਾ ਕੌਂਸਲਰ ਦੀ ਇਕੱਲੇ ਦੀ ਫੋਟੋ ਵੀ ਸੁਵਿਧਾ ਸੈਂਟਰ ਦੀ ਵਿੰਡੋ 'ਤੇ ਲਾਜ਼ਮੀ ਕੀਤੀ ਗਈ ਹੈ। ਇਸ ਕਾਰਨ ਕੌਂਸਲਰਾਂ ਨੂੰ ਵਾਰੀ ਆਉਣ ਤਕ ਕਈ-ਕਈ ਘੰਟੇ ਖੜ੍ਹੇ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਈ ਵਾਰ ਤਾਂ ਦੋ-ਦੋ ਵਾਰ ਆਉਣਾ ਪੈਂਦਾ ਹੈ, ਜਿਸ ਕਾਰਨ ਬਾਕੀ ਸਾਰੇ ਕੰਮ ਰੁੱਕ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਹਸਤਾਖਰ ਤਸਦੀਕ ਕਰਵਾ ਕੇ ਸਾਫਟਵੇਅਰ ਰਾਹੀਂ ਰਿਕਾਰਡ 'ਚ ਰੱਖ ਲਏ ਜਾਣ ਤੇ ਜਦੋਂ ਕੋਈ ਸਰਟੀਫਿਕੇਟ ਤਿਆਰ ਕਰਨਾ ਹੈ, ਉਦੋਂ ਹਸਤਾਖਰ ਮਿਲਾ ਲਏ ਜਾਣ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ। ਉਨ੍ਹਾਂ ਨਾਲ ਆਏ ਵਾਰਡ-13 ਦੇ ਕੌਂਸਲਰ ਮਨਦੀਪ ਕੁਮਾਰ ਜੱਸਲ, ਪਵਨ ਕੁਮਾਰ ਨੇ ਦੱਸਿਆ ਡੀਸੀ ਨੇ ਭਰੋਸਾ ਦਿਵਾਇਆ ਹੈ ਕਿ ਛੇਤੀ ਹੀ ਇਸ ਸਬੰਧੀ ਕਦਮ ਪੁੱਟੇ ਜਾਣਗੇ।