- ਧਰਤੀ ਨੂੰ ਬਚਾਉਣ ਲਈ ਸੰਯੁਕਤ ਰਾਸ਼ਟਰ ਨੇ ਬਣਾਇਆ ਇਤਿਹਾਸ
- ਭਾਰਤ ਸਮੇਤ 171 ਦੇਸ਼ਾਂ ਨੇ ਪੈਰਿਸ ਜਲਵਾਯੂ ਸੰਧੀ 'ਤੇ ਕੀਤੇ ਹਸਤਾਖਰ
ਸੰਯੁਕਤ ਰਾਸ਼ਟਰ (ਏਪੀ) : ਧਰਤੀ ਨੂੰ ਬਚਾਉਣ ਲਈ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਨੇ ਇਤਿਹਾਸ ਬਣਾਇਆ। ਕਾਰਬਨ ਦੀ ਪੈਦਾਵਾਰ ਵਿਚ ਕਟੌਤੀ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਭਾਰਤ ਸਮੇਤ 171 ਦੇਸ਼ਾਂ ਨੇ ਪੈਰਿਸ ਜਲਵਾਯੂ ਸੰਧੀ 'ਤੇ ਹਸਤਾਖਰ ਕੀਤੇ। ਇਸ ਦੌਰਾਨ ਲਗਪਗ 60 ਦੇਸ਼ਾਂ ਦੇ ਰਾਸ਼ਟਰ ਮੁਖੀ ਵੀ ਮੌਜੂਦ ਸਨ। ਵਿਸ਼ਵ ਸੰਗਠਨ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸੰਧੀ 'ਤੇ ਪਹਿਲੇ ਹੀ ਦਿਨ ਇੱਕੋ ਵੇਲੇ ਇੰਨੇ ਮੈਂਬਰ ਦੇਸ਼ਾਂ ਨੇ ਹਸਤਾਖਰ ਕੀਤੇ ਹਨ। ਇਸ ਤੋਂ ਪਹਿਲਾਂ 1982 ਵਿਚ 119 ਦੇਸ਼ਾਂ ਨੇ ਇੱਕੋ ਵੇਲੇ 'ਲਾਅ ਆਫ ਦਿ ਸੀ ਕਨਵੈਨਸ਼ਨ' 'ਤੇ ਦਸਤਾਖਤ ਕੀਤੇ ਸਨ।
ਜਲਵਾਯੂ ਤਬਦੀਲੀ 'ਤੇ ਇਸ ਹਸਤਾਖਰ ਸਮਾਗਮ ਦਾ ਸੰਚਾਲਨ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਕੀਤਾ। ਉਨ੍ਹਾਂ ਦੁਨੀਆ ਭਰ 'ਚੋਂ ਆਏ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਉਹ ਮੌਕਾ ਬੀਤ ਗਿਆ ਹੈ ਜਦੋਂ ਅਸੀਂ ਸਿੱਟੇ ਦੀ ਚਿੰਤਾ ਕੀਤੇ ਬਗੈਰ ਖਤਰਨਾਕ ਗੈਸਾਂ ਪੈਦਾ ਕਰਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਮੁਕਾਬਲਾ ਸਮੇਂ ਦੇ ਨਾਲ ਹੈ ਅਤੇ ਜੇਕਰ ਅਸੀਂ ਖੁੰਝੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਸ ਦਾ ਗੰਭੀਰ ਖਮਿਆਜ਼ਾ ਭੁਗਤਣਾ ਪਵੇਗਾ। ਭਾਰਤ ਵੱਲੋਂ ਸੰਧੀ 'ਤੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਹਸਤਾਖਰ ਕੀਤੇ।
ਇਸ ਸਮਾਗਮ ਵਿਚ ਬੱਚਿਆਂ ਦੀ ਭੂਮਿਕਾ ਅਹਿਮ ਸੀ। ਤੰਜਾਨੀਆ ਦੇ 16 ਸਾਲਾ ਰੇਡੀਓ ਜਾਕੀ ਅਤੇ ਯੂਨੀਸੇਫ ਦੇ ਨੌਜਵਾਨ ਪ੍ਰਤੀਨਿਧੀ ਗੇਟਰਡ ਕਲੀਮੇਂਟ ਨੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸਕੂਲੀ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਹਸਤਾਖਰ ਕਰਨ ਲਈ ਆਪਣੀ ਪੋਤੀ ਨਾਲ ਪਹੁੰਚੇ ਹੋਏ ਸਨ।
ਵਰਨਣਯੋਗ ਹੈ ਕਿ ਬੀਤੇ ਦਸੰਬਰ ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 150 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਦੀ ਮੌਜੂਦਗੀ ਵਿਚ ਇਸ ਸੰਧੀ 'ਤੇ ਸਹਿਮਤੀ ਬਣੀ ਸੀ। ਇਸ ਤਹਿਤ 2030 ਤਕ ਵਿਸ਼ਵ ਦੇ ਤਾਪਮਾਨ ਵਿਚ ਦੋ ਡਿਗਰੀ ਦੀ ਕਮੀ ਲਿਆਉਣ ਦਾ ਟੀਚਾ ਤੈਅ ਕੀਤਾ ਗਿਆ ਹੈ।