ਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ ਵਿਚ ਪੰਚਾਇਤੀ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋ ਜਾਣ ਤੋਂ ਬਾਅਦ ਹੁਣ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲਗਪਗ ਇਕ ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸਿੱਖਿਆ ਯੋਗਤਾ ਦੀ ਨਵੀਂ ਸ਼ਰਤ ਦੇ ਨਾਲ 15 ਨਗਰ ਪ੍ਰੀਸ਼ਦ ਅਤੇ 28 ਨਗਰ ਪਾਲਿਕਾ ਦੀਆਂ ਪੰਜਵੀਆਂ ਆਮ ਚੋਣਾਂ 22 ਮਈ ਨੂੰ ਹੋਣਗੀਆਂ। ਇਸੇ ਦਿਨ ਪਾਣੀਪਤ ਨਗਰ ਨਿਗਮ ਦੇ ਵਾਰਡ ਨੰਬਰ 9, ਰੇਵਾੜੀ ਨਗਰ ਪ੍ਰੀਸ਼ਦ ਦੇ ਵਾਰਡ ਨੰਬਰ ਇਕ ਅਤੇ ਕਲਾਨੌਰ ਨਗਰ ਪਾਲਿਕਾ ਦੇ ਵਾਰਡ ਨੰਬਰ ਸੱਤ ਦੀ ਉਪ ਚੋਣ ਵੀ ਕਰਵਾਈ ਜਾਵੇਗੀ। ਸੂਬੇ ਵਿਚ 10 ਨਗਰ ਨਿਗਮਾਂ, 18 ਨਗਰ ਪ੍ਰੀਸ਼ਦਾਂ ਅਤੇ 50 ਨਗਰ ਪਾਲਿਕਾਵਾਂ ਸਮੇਤ 78 ਸਥਾਨਕ ਸਰਕਾਰਾਂ ਹਨ। ਇਨ੍ਹਾਂ ਵਿਚੋਂ 43 ਸ਼ਹਿਰੀ ਸਥਾਨਕ ਸਰਕਾਰਾਂ ਦਾ ਚੋਣ ਪ੍ਰੋਗਰਾਮ ਐਲਾਨ ਕਰ ਦਿੱਤਾ ਗਿਆ ਹੈ। ਬਾਕੀ ਸਥਾਨਕ ਸਰਕਾਰਾਂ ਦਾ ਕਾਰਜਕਾਲ ਹਾਲੇ ਪੂਰਾ ਨਹੀਂ ਹੋਇਆ ਹੈ। ਫਰੀਦਾਬਾਦ, ਗੁੜਗਾਂਵ ਅਤੇ ਸੋਨੀਪਤ ਨਗਰ ਨਿਗਮਾਂ ਦੀਆਂ ਚੋਣਾਂ ਹਾਲੇ ਕਰਵਾਏ ਜਾਣ ਦੇ ਆਸਾਰ ਸਨ, ਪ੍ਰੰਤੂ ਇੱਥੇ ਵਾਰਡਬੰਦੀ ਦਾ ਕੰਮ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ ਲਟਕ ਗਈਆਂ ਹਨ। ਸੂਬੇ ਦੇ ਚੋਣ ਕਮਿਸ਼ਨਰ ਰਾਜੀਵ ਸ਼ਰਮਾ ਨੇ 15 ਨਗਰ ਪ੍ਰੀਸ਼ਦਾਂ ਦੇ 385 ਵਾਰਡਾਂ, 28 ਨਗਰ ਪਾਲਿਕਾਵਾਂ ਦੇ 436 ਵਾਰਡਾਂ ਅਤੇ ਤਿੰਨ ਸਥਾਨਕ ਸਰਕਾਰਾਂ ਵਿਚ ਤਿੰਨ ਹੀ ਵਾਰਡਾਂ ਦੀ ਉਪ ਚੋਣ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਰਾਜ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਹੈ।
↧