ਸੋਲਨ : ਰਾਸ਼ਟਰੀ ਰਾਜ ਮਾਰਗ ਕਾਲਕਾ-ਸ਼ਿਮਲਾ 'ਤੇ ਪਰਵਾਣੂ ਨੇੜੇ ਸ਼ਨਿਚਰਵਾਰ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਪੰਜਾਬ ਦੇ ਇਕ ਕਥਿਤ ਗੈਂਗਸਟਰ ਨੇਤਾ ਜਸਵਿੰਦਰ ਸਿੰਘ ਉਰਫ ਰੌਕੀ ਦੀ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੌਰਾਨ ਰੌਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਦੋਸ਼ੀ ਚਿੱਟੇ ਰੰਗ ਦੀ ਕਾਰ ਵਿਚ ਚੰਡੀਗੜ੍ਹ ਵੱਲ ਭੱਜ ਗਏ, ਜਿਨ੍ਹਾਂ ਵਿਚੋਂ ਇਕ ਨੇ ਪੱਗ ਬੰਨ੍ਹੀ ਹੋਈ ਸੀ, ਜਦਕਿ ਇਕ ਨੇ ਮੰੂਹ ਢਕਿਆ ਹੋਇਆ ਸੀ। ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ, ਪ੍ਰੰਤੂ ਮੁੱਢਲੀ ਜਾਂਚ ਵਿਚ ਪੁਲਸ ਮਾਮਲੇ ਨੂੰ ਗੈਂਗਵਾਰ ਨਾਲ ਜੋੜ ਕੇ ਦੇਖ ਰਹੀ ਹੈ। ਓਧਰ ਪੰਜਾਬ ਦੇ ਇਕ ਵਿਅਕਤੀ ਗੁਰਜੀਤ ਖੁੱਸਾ ਧੂਰਕੋਟੀਆ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਅਪਡੇਟ ਕੀਤਾ ਹੈ ਕਿ ਕਥਿਤ ਗੈਂਗਸਟਰ ਰੌਕੀ ਨੂੰ ਮਾਰ ਕੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ ਹੈ। ਪੰਜਾਬ 'ਚ ਫਾਜ਼ਿਲਕਾ ਤੋਂ ਪਿਛਲੀ ਵਾਰ ਵਿਧਾਨ ਸਭਾ ਦਾ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਚੁੱਕਾ ਜਸਵਿੰਦਰ ਸਿੰਘ (42) ਸ਼ੁੱਕਰਵਾਰ ਸ਼ਾਮ ਨੂੰ ਹੀ ਦੋਸਤ ਤੇ ਰਿਸ਼ਤੇ ਦੇ ਇਕ ਭਰਾ ਨਾਲ ਸੋਲਨ ਵਿਚ ਦੋਸਤ ਕੋਲ ਆਇਆ ਸੀ। ਇਹ ਲੋਕ ਸ਼ਨਿਚਰਵਾਰ ਸਵੇਰੇ ਸਾਢੇ ਅੱਠ ਵਜੇ ਸੋਲਨ ਤੋਂ ਚੰਡੀਗੜ੍ਹ ਲਈ ਨਿਕਲੇ ਸਨ। ਹਾਲੇ ਇਹ ਲੋਕ ਪਰਵਾਣੂ ਤੋਂ ਕੁਝ ਪਿੱਛੇ ਟਿੰਬਰ ਟਰੇਲ ਰਿਜੌਰਟ ਕੋਲ ਪਹੁੰਚੇ ਸਨ ਕਿ ਦਸ ਵਜੇ ਜਸਵਿੰਦਰ ਦੀ ਕਾਰ 'ਤੇ ਦੋ ਅਣਪਛਾਤੇ ਲੋਕਾਂ ਨੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਜਸਵਿੰਦਰ ਦੀ ਕਨਪਟੀ ਦੇ ਆਰ-ਪਾਰ ਹੋ ਗਈ, ਜਦਕਿ ਉਸ ਦੇ ਚਾਲਕ ਪਰਮਪਾਲ ਉਰਫ ਪਾਲਾ (30) ਦੇ ਨੱਕ ਤੇ ਮੰੂਹ ਨੂੰ ਛੰੂਹਦੀ ਹੋਈ ਗੋਲੀ ਨਿਕਲੀ ਅਤੇ ਉਸ ਦੇ ਹੱਥ ਵਿਚ ਗੋਲੀ ਲੱਗੀ। ਇਨ੍ਹਾਂ ਦੇ ਪਿੱਛੇ ਦੂਸਰੀ ਗੱਡੀ ਵਿਚ ਜਸਵਿੰਦਰ ਦੀ ਸੁਰੱਖਿਆ ਲਈ ਦਿੱਤੇ ਗਏ ਪੰਜਾਬ ਪੁਲਸ ਦੇ ਦੋ ਗੰਨਮੈਨ ਬੈਠੇ ਸਨ। ਉਨ੍ਹਾਂ ਦੀ ਜਵਾਬੀ ਕਾਰਵਾਈ ਤੋਂ ਪਹਿਲਾਂ ਹੀ ਸ਼ੂਟਰ ਕਾਰ 'ਚ ਬੈਠ ਕੇ ਭੱਜ ਗਏ। ਇਸ ਤੋਂ ਬਾਅਦ ਚਾਲਕ ਪਾਲਾ ਗੱਡੀ ਪਰਵਾਣੂ ਦੇ ਈਐਸਆਈ ਹਸਪਤਾਲ ਲੈ ਆਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।