ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਵੱਖ-ਵੱਖ ਵਿਭਾਗਾਂ ਵਿਚ 12747 ਆਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਆਸਾਮੀਆਂ 3 ਸਾਲ ਵਾਸਤੇ ਬੇਸਿਕ ਤਨਖ਼ਾਹ ਦੇ ਆਧਾਰ 'ਤੇ ਭਰੀਆਂ ਜਾਣਗੀਆਂ। ਬਾਅਦ ਵਿਚ ਇਨ੍ਹਾਂ ਆਸਾਮੀਆਂ 'ਤੇ ਭਰਤੀ ਹੋਣ ਵਾਲਿਆਂ ਨੂੰ ਭੱਤੇ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ।
ਪੰਜਾਬ ਸਰਕਾਰ ਨੇ ਪੰਜਾਬ ਵਿਚ ਇਕ ਲੱਖ 13 ਹਜ਼ਾਰ 766 ਆਸਾਮੀਆਂ ਭਰਨ ਲਈ ਪਹਿਲਾਂ ਹੀ ਫ਼ੈਸਲਾ ਕੀਤਾ ਹੋੁਇਆ ਹੈ। 5 ਹਜ਼ਾਰ ਦੇ ਕਰੀਬ ਆਸਾਮੀਆਂ ਪਹਿਲਾਂ ਹੀ ਕੱਢ ਦਿੱਤੀਆਂ ਹਨ। ਹੁਣ ਸਿਹਤ ਵਿਭਾਗ, ਵਾਟਰ ਸਪਲਾਈ ਵਿਭਾਗ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਅਤੇ ਹੋਰ ਵਿਭਾਗਾਂ ਵਿਚ ਇਹ ਭਰਤੀ ਕੀਤੀ ਜਾਣੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਬੰਪਰ ਭਰਤੀ ਦੇ ਮੂਡ 'ਚ ਹੈ। ਅਧੀਨ ਸਕੱਤਰਾਂ ਦੀਆਂ 8 ਆਸਾਮੀਆਂ ਅਤੇ ਸਿਵਲ ਸਕੱਤਰੇਤ ਲਈ ਇਕ ਐਸ ਪੀ ਦੀ ਆਸਾਮੀ ਦੀ ਸਿਰਜਨਾ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ।
ਕੈਬਨਿਟ ਨੇ ਇਹ ਫ਼ੈਸਲਾ ਵੀ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਏ ਐਸ ਆਈ ਅਤੇ ਸਬ ਇੰਸਪੈਕਟਰ ਜੋ ਭਾਵੇਂ ਜ਼ਿਲਿ੍ਹਆਂ ਵਿਚ ਤਾਇਨਾਤ ਹਨ ਜਾਂ ਪੀਏਪੀ ਵਿਚ, ਉਨ੍ਹਾਂ ਦੀ ਸਾਂਝੀ ਸੀਨੀਆਰਤਾ ਸੂਚੀ ਬਣਾਈ ਜਾਵੇਗੀ। ਲੋਕ ਸੰਪਰਕ ਵਿਭਾਗ ਵਿਚ 50 ਵੀਡੀਓ ਵੈਨਾਂ ਨੂੰ ਸਰਕਾਰ ਦੇ ਪ੍ਰਚਾਰ ਲਈ ਤਿਆਰ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਹੈ। ਸਰਕਾਰ ਦੇ ਕੰਮਕਾਜ ਦੇ ਲੇਖੇ ਜੋਖੇ ਲਈ 125 ਫੀਡਬੈਕ ਅਫ਼ਸਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਚੁਣੇ ਹੋਏ ਨੁਮਾਇੰਦਿਆਂ ਅਤੇ ਸਾਬਕਾ ਸੰਸਦ ਮੈਂਬਰਾਂ ਦੀ ਸਿਫਾਰਸ਼ 'ਤੇ ਸੰਘਰਸ਼ੀ ਯੋਧਿਆਂ ਨੂੰ ਇਕ ਹਜ਼ਾਰ ਰੁਪਏ ਦੀ ਪੈਨਸ਼ਨ ਲਗਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਪੱਤਰਕਾਰ ਭਾਈਚਾਰੇ ਲਈ ਚੰਡੀਗੜ੍ਹ ਵਿਚ 10 ਮਕਾਨਾਂ ਦਾ ਕੋਟਾ ਵਧਾ ਕੇ 15 ਕੀਤਾ ਗਿਆ ਹੈ। ਇਹ ਮੀਟਿੰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਕਣਕ ਖ਼ਰੀਦ ਦੇ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ।