ਕਾਰਵਾਈ
ਕੁਝ ਪੈਸੇ ਹੋਏ ਬਰਾਮਦ, ਜ਼ਰੂਰੀ ਕਾਗ਼ਜ਼ ਨਹੀਂ ਮਿਲ ਸਕੇ
3ਸਿਟੀ ਪੀ-522) ਫੜੇ ਗਏ ਚੋਰੀ ਦੇ ਮੁਲਜ਼ਮਾਂ ਨੂੰ ਲਿਜਾਂਦੀ ਪੁਲਸ। ਫੋਟੋ : ਹਰੀਸ਼ ਸ਼ਰਮਾ
3ਸਿਟੀ ਪੀ-523) ਘਟਨਾ ਸਬੰਧੀ ਜਾਣਕਾਰੀ ਦਿੰਦਾ ਗਾਇਕ ਰਣਵੀਰ ਸਿੰਘ ਦੁਸਾਂਝ। ਫੋਟੋ : ਹਰੀਸ਼ ਸ਼ਰਮਾ
---
ਲਖਬੀਰ, ਜਲੰਧਰ : ਮੰਗਲਵਾਰ ਨੂੰ ਤਹਿਸੀਲ ਕੰਪਲੈਕਸ 'ਚ ਵਾਪਰੀ ਚੋਰੀ ਦੀ ਘਟਨਾ ਥਾਣਾ ਬਾਰਾਦਰੀ ਤੇ ਪ੍ਰਸ਼ਾਸਕੀ ਕੰਪਲੈਕਸ ਦੀ ਪੁਲਸ ਨੇ 2 ਘੰਟੇ 'ਚ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ। ਪੁਲਸ ਨੇ ਚੋਰਾਂ ਨੂੰ ਕੁਝ ਹੀ ਸਮੇਂ 'ਚ ਦਬੋਚ ਲਿਆ। ਕਰੀਬ ਸਵਾ 12 ਵਜੇ ਡੀਟੀਓ ਦਫਤਰ ਅਧੀਨ ਆਉਂਦੇ 120 ਨੰਬਰ ਕਮਰੇ 'ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਜਦੋਂ ਇਕ ਵਿਅਕਤੀ ਨੇ ਜੇਬ 'ਚੋਂ 14 ਹਜ਼ਾਰ ਰੁਪਏ ਚੋਰੀ ਹੋਣ ਦਾ ਰੌਲਾ ਪਾ ਦਿੱਤਾ। ਜਾਣਕਾਰੀ ਦਿੰਦਿਆਂ ਪਿੰਡ ਦੁਸਾਂਝ ਕਲਾਂ ਦੇ ਰਣਵੀਰ ਸਿੰਘ ਪੁੱਤਰ ਸੋਹਨ ਸਿੰਘ ਨੇ ਦੱਸਿਆ ਕਿ ਉਹ 120 ਨੰਬਰ ਕਮਰੇ 'ਚ ਲਾਈਸੈਂਸ ਰਿਨਿਊ ਕਰਵਾਉਣ ਲਈ ਆਇਆ ਸੀ, ਲਾਈਨ 'ਚ ਲੱਗੇ ਹੋਣ ਦੌਰਾਨ ਕਿਸੇ ਨੇ ਉਸ ਦਾ ਪਰਸ ਕੱਢ ਲਿਆ। ਪਰਸ 'ਚ 14 ਹਜ਼ਾਰ ਰੁਪਏ ਨਕਦੀ ਤੋਂ ਇਲਾਵਾ ਇਕ ਏਟੀਐੱਮ ਕਾਰਡ, ਕੈਨੇਡਾ ਤੋਂ ਸਪਾਂਸਰਸ਼ਿਪ ਦੇ ਪੇਪਰ ਵੀ ਸਨ।
--
ਸੀਸੀਟੀਵੀ ਕੈਮਰੇ ਰਾਹੀਂ ਹੋਇਆ ਖੁਲਾਸਾ
ਚੋਰੀ ਦੀ ਘਟਨਾ 120 ਨੰਬਰ ਕਮਰੇ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਕੈਮਰੇ 'ਚ ਹੋਈ ਰਿਕਾਰਡਿੰਗ ਦੌਰਾਨ ਰਣਵੀਰ ਸਿੰਘ ਦੇ ਪਿੱਛੇ ਲਾਈਨ 'ਚ ਇਕ 13 ਕੁ ਸਾਲ ਦਾ ਪ੍ਰਵਾਸੀ ਲੜਕਾ ਖੜ੍ਹਾ ਸੀ, ਜੋ ਉਸ ਦੀ ਜੇਬ 'ਚੋਂ ਸਾਮਾਨ ਕੱਢਦਾ ਹੋਇਆ ਵੀ ਸਾਫ ਦਿਖਾਈ ਦਿੰਦਾ ਹੈ। ਉਕਤ ਬੱਚੇ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਉਥੋਂ ਆਰਾਮ ਨਾਲ ਨਿਕਲ ਗਿਆ।
--
120 ਨੰਬਰ ਦੇ ਮੁਲਾਜ਼ਮਾਂ ਨੇ ਕੀਤਾ ਦੁਖੀ : ਰਣਵੀਰ
ਪੇਸ਼ੇ ਵਜੋਂ ਪੰਜਾਬੀ ਗਾਇਕ ਰਣਵੀਰ ਸਿੰਘ ਦੁਸਾਂਝ ਨੇ ਦੱਸਿਆ ਕਿ ਚਾਹੇ ਉਸ ਨਾਲ ਚੋਰੀ ਦੀ ਘਟਨਾ ਵਾਪਰ ਗਈ ਹੈ ਪਰ 120 ਨੰਬਰ ਕਮਰੇ ਦੇ ਮੁਲਾਜ਼ਮਾਂ ਦੇ ਵਤੀਰੇ ਕਾਰਨ ਉਹ ਕਾਫੀ ਦੁਖੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੀ ਘਟਨਾ ਸਬੰਧੀ ਜਦੋਂ ਉਨ੍ਹਾਂ ਉਥੋਂ ਦੇ ਮੁਲਾਜ਼ਮਾਂ ਨੂੰ ਦੱਸਣਾ ਚਾਹਿਆ ਤਾਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਉਲਟਾ ਉਨ੍ਹਾਂ ਨੂੰ ਕਿਹਾ ਗਿਆ ਕਿ ਇਸ 'ਚ ਉਨ੍ਹਾਂ ਦਾ ਕੀ ਕਸੂਰ ਹੈ। ਇਸ ਸਬੰਧੀ ਉਹ ਪੁਲਸ ਨੂੰ ਸੂਚਨਾ ਦੇਣ, ਇਸ ਘਟਨਾ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ।
---
ਨਹੀਂ ਮਿਲੇ ਪੂਰੇ ਪੈਸੇ ਤੇ ਦਸਤਾਵੇਜ਼
ਚਾਹੇ ਥਾਣਾ ਬਾਰਾਦਰੀ ਤੇ ਪ੍ਰਸ਼ਾਸਨਿਕ ਪੁਲਸ ਨੇ ਕਾਰਵਾਈ ਕਰਦਿਆਂ ਕੁਝ ਹੀ ਸਮੇਂ ਦੌਰਾਨ ਇਕ ਦੀ ਬਜਾਏ ਦੋ ਚੋਰਾਂ ਨੂੰ ਕਾਬੂ ਕਰ ਲਿਆ ਪਰ ਫਿਰ ਵੀ ਗਾਇਕ ਰਣਵੀਰ ਸਿੰਘ ਦੁਸਾਂਝ ਨੂੰ ਪੂਰੇ ਪੈਸੇ ਤੇ ਦਸਤਾਵੇਜ਼ ਨਹੀਂ ਮਿਲ ਸਕੇ। ਪੁਲਸ ਅਨੁਸਾਰ ਚੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਚੋਰੀ ਕੀਤਾ ਪਰਸ ਸੁੱਟ ਦਿੱਤਾ ਸੀ। ਰਣਵੀਰ ਮੁਤਾਬਕ ਉਸ ਲਈ ਦਸਤਾਵੇਜ਼ ਬਹੁਤ ਜ਼ਰੂਰੀ ਸਨ ਪਰ ਉਹ ਨਾ ਮਿਲਣ ਕਾਰਨ ਉਹ ਮਾਯੂਸ ਹੈ।