ਲਖਬੀਰ, ਜਲੰਧਰ : ਮੇਰੀ ਕਾਜਲ ਘਰੋਂ ਭੱਜੀ ਨਹੀਂ ਬਲਕਿ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਮਾਰ ਦਿੱਤਾ ਹੈ ਕਿਉਂਕਿ ਜਦੋਂ ਤੋਂ ਉਹ ਵਿਆਹ ਕੇ ਸਹੁਰੇ ਪਰਿਵਾਰ ਗਈ ਹੈ, ਉਸ ਤੋਂ ਬਾਅਦ ਕਦੇ ਉਸਨੂੰ ਪੇਕੇ ਨਹੀਂ ਆਉਣ ਦਿੱਤਾ ਗਿਆ। ਇਹ ਗੱਲ ਰੋਂਦਿਆਂ ਹੋਇਆਂ ਕੋਟ ਕਿਸ਼ਨ ਚੰਦ ਦੀ ਇਕ ਵਿਧਵਾ ਮਾਂ ਸੁਨੀਤਾ ਪੁਰੀ ਪਤਨੀ ਪਵਨ ਪੁਰੀ ਨੇ ਕਹੀ। ਉਸਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦੀ ਲੜਕੀ ਕਾਜਲ ਦੇ ਸਹੁਰਿਆਂ ਨੇ ਫੋਨ ਕਰਕੇ ਆਪਣੇ ਬੀ-2/790 ਬੀਐੱਸਐੱਫ ਕਾਲੋਨੀ, ਸਤਨਾਮ ਨਗਰ ਸਥਿਤ ਘਰ ਬੁਲਾਇਆ ਸੀ। ਜਦੋਂ ਉਹ ਉਥੇ ਆਪਣੀ ਭੈਣ ਤੇ ਭਾਣਜੀ ਨਾਲ ਪਹੁੰਚੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਗਾਇਬ ਹੈ। ਇਸ ਬਾਰੇ ਪੁੱਿਛਆ ਤਾਂ ਕਾਜਲ ਦੇ ਸਹੁਰੇ ਪਰਿਵਾਰ 'ਚੋਂ ਜਵਾਈ ਮੁਨੀਸ਼ ਸ਼ਰਮਾ, ਹੈਪੀ, ਮਾਣੋ ਤੇ ਗਾਗ ਨੇ ਉਲਟਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਉਲਟ ਇਲਾਜ਼ਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਕਾਜਲ ਜਿਹੜੇ ਗਹਿਣੇ ਤੇ 2 ਲੱਖ ਰੁਪਏ ਨਕਦੀ ਚੋਰੀ ਕਰਕੇ ਲੈ ਗਈ ਹੈ ਸਭ ਕੁਝ ਤੁਹਾਡੇ ਕੋਲ ਹੈ। ਸੁਨੀਤਾ ਨੇ ਦੱਸਿਆ ਕਿ ਇਨ੍ਹਾਂ ਝੂਠੇ ਦੋਸ਼ਾਂ ਅਧੀਨ ਉਕਤ ਲੋਕਾਂ ਨੇ ਸਾਨੂੰ ਤਿੰਨਾਂ ਨੂੰ ਥਾਣਾ ਇਕ 'ਚ ਭੇਜ ਦਿੱਤਾ, ਜਿਥੇ 5 ਘੰਟਿਆਂ ਤੱ ਪੁਲਸ ਨੇ ਨਾਜਾਇਜ਼ ਹਿਰਾਸਤ 'ਚ ਰੱਖਿਆ। ਸੁਨੀਤਾ ਮੁਤਾਬਕ 4 ਸਾਲ ਪਹਿਲਾਂ ਵਿਆਹੀ ਗਈ ਕਾਜਲ ਨੂੰ ਉਸਦੇ ਸੁਹਰਿਆਂ ਨੇ ਕਦੇ ਪੇਕੇ ਘਰ ਨਹੀਂ ਆਉਣ ਦਿੱਤਾ। ਚਾਰ ਸਾਲਾਂ 'ਚ ਸਿਰਫ ਉਹ 3-4 ਵਾਰ ਹੀ ਪੇਕੇ ਆਈ ਸੀ। ਵਾਰ-ਵਾਰ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਉਨ੍ਹਾਂ ਦੀ ਬੇਟੀ ਹਮੇਸ਼ਾ ਪਰੇਸ਼ਾਨ ਰਹਿੰਦੀ ਸੀ। ਸੁਨੀਤਾ ਨੇ ਕਿਹਾ ਕਿ ਉਸ ਦੀ ਲੜਕੀ ਕਿਤੇ ਭੱਜਕੇ ਨਹੀਂ ਗਈ, ਬਲਕਿ ਉਸਦੇ ਸਹੁਰੇ ਪਰਿਵਾਰ ਨੇ ਮਾਰਕੇ ਕਿਤੇ ਸੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਨੀਤਾ ਨੂੰ ਮਾਰਨ ਤੋਂ ਬਾਅਦ ਉਸਦਾ ਸਹੁਰਾ ਪਰਿਵਾਰ ਫੜੇ ਜਾਣ ਦੇ ਡਰੋਂ ਪਰੇਸ਼ਾਨ ਕਰ ਰਿਹਾ ਹੈ। ਇਸ ਸੰਬੰਧੀ ਉਨ੍ਹਾਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਹੈ। ਸੁਨੀਤਾ ਨੇ ਕਿਹਾ ਕਿ ਬੇਟੀ ਕਾਜਲ ਦੇ ਸੁਹਰਿਆਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਦਿਆਂ ਇਨਸਾਫ ਦਿਵਾਇਆ ਜਾਵੇ। ਇਲਾਕੇ ਦੇ ਲੋਕਾਂ ਨੇ ਸੁਨੀਤਾ ਤੇ ਉਸਦੇ ਪਰਿਵਾਰ ਦਾ ਪੱਖ ਪੂਰਦਿਆਂ ਕਿਹਾ ਕਿ ਉਹ ਜਗ੍ਹਾ ਕੇ ਉਕਤ ਪਰਿਵਾਰ ਦੀ ਗਵਾਹੀ ਭਰਨ ਲਈ ਤਿਆਰ ਹਨ। ਮਾਮਲੇ ਸੰਬੰਧੀ ਗੱਲ ਕਰਨ ਲਈ ਥਾਣਾ ਇਕ ਦੇ ਐੱਸਐੱਚਓ ਬਲਬੀਰ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਗੱਲ ਨਹੀਂ ਹੋ ਸਕੀ।
↧